ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਭੇਜੇ ਪੰਜ ਸਿੰਘਾਂ ਨੇ ਵੀਰਵਾਰ 21 ਮਾਰਚ ਨੂੰ ਦੇਰ ਸ਼ਾਮ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਭੁੱਖ ਹੜਤਾਲ 'ਤੇ ਬੈਠੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਰਦਾਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਦ ਅਤੇ ਹਰਿ ਕੀ ਪਉੜੀ ਦਾ ਜਲ ਛਕਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਸਮਾਪਤ ਕਰਵਾ ਦਿੱਤੀ ਹੈ। ਇਹ ਸਿੱਖ ਜੇਲ੍ਹ ਵਿਚ ਕਥਿਤ ਨਿੱਜਤਾ ਤੇ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਵਿਰੁੱਧ 16 ਫ਼ਰਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਉੱਤੇ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਮੁਲਾਕਾਤ ਕਰਕੇ ਭੁੱਖ ਹੜਤਾਲ ਸਮਾਪਤ ਕਰਵਾਉਣ ਲਈ ਭੇਜੇ ਗਏ ਪੰਜ ਸਿੰਘਾਂ ਵਿਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਬਿਕਰਮਜੀਤ ਸਿੰਘ ਸ਼ਾਮਲ ਸਨ। ਪੰਜ ਸਿੰਘਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਵੀ ਸ਼ਾਮਲ ਸਨ।
ਡਿਬਰੂਗੜ੍ਹ ਪਹੁੰਚਣ 'ਤੇ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਸ਼ਾਸਨਿਕ ਕਾਰਵਾਈ ਨੂੰ ਮੁਕੰਮਲ ਕਰਨ ਉਪਰੰਤ ਨਜ਼ਰਬੰਦ ਸਿੰਘਾਂ ਨਾਲ ਮੁਲਾਕਾਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਅੰਦਰ ਪਹੁੰਚਣ ਤੋਂ ਬਾਅਦ ਨਜ਼ਰਬੰਦ ਸਿੱਖਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਮੁਲਾਕਾਤ ਸਬੰਧੀ ਪ੍ਰਕਿਰਿਆ ਮੁਕੰਮਲ ਕਰਨ ਵਿੱਚ ਦੇਰੀ ਕਾਰਨ ਅਕਾਲ ਤਖ਼ਤ ਸਾਹਿਬ ਦੇ ਵਫ਼ਦ ਨੂੰ ਲੰਮਾ ਸਮਾਂ ਜੇਲ੍ਹ ਦੇ ਬਾਹਰ ਉਡੀਕ ਕਰਨੀ ਪਈ।
ਐਡਵੋਕੇਟ ਸਿਆਲਕਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਮੁਲਾਕਾਤ ਦੌਰਾਨ ਸਭ ਤੋਂ ਪਹਿਲਾਂ ਸਾਫ ਵਿਛਾਈ ਕਰਕੇ ਸਿੰਘਾਂ ਨੂੰ ਸੰਗਤ ਵਿੱਚ ਬਿਠਾਇਆ ਗਿਆ ਅਤੇ ਮਰਯਾਦਾ ਅਨੁਸਾਰ ਗਿਆਨੀ ਮਲਕੀਤ ਸਿੰਘ ਵੱਲੋਂ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ ਗਿਆ, ਉਪਰੰਤ ਅਰਦਾਸ ਭਾਈ ਪ੍ਰੇਮ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਰਦਾਸ ਉਪਰੰਤ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਹਰਜੀਤ ਸਿੰਘ, ਪਪਲਪ੍ਰੀਤ ਸਿੰਘ, ਭਗਵੰਤ ਸਿੰਘ ਬਾਜੇਕੇ, ਵਰਿੰਦਰ ਸਿੰਘ ਫੌਜੀ ਅਤੇ ਹਰਜੀਤ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਦ ਅਤੇ ਹਰਿ ਕੀ ਪਉੜੀ ਦਾ ਜਲ ਛਕਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਗਈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਕਿਰਨਦੀਪ ਸਿੰਘ ਨੇ ਵੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਸੀ, ਜੋ ਕਿ ਮੁਲਾਕਾਤ ਸਮੇਂ ਉਹ ਵੀ ਵੱਖਰੇ ਤੌਰ ’ਤੇ ਮੌਜੂਦ ਸਨ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਵੀ ਖਤਮ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਾਰੇ ਸਿੱਖ ਚੜ੍ਹਦੀ ਕਲਾ ਵਿੱਚ ਹਨ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸਮੁੱਚਾ ਖ਼ਾਲਸਾ ਪੰਥ ਉਨ੍ਹਾਂ ਦੇ ਨਾਲ ਹੈ।
ਐਡੋਵੇਕਟ ਸਿਆਲਕਾ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਗਿਆ ਹੈ।
ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਪੰਜਾਬ ਵਿਚ ਅੰਮ੍ਰਿਤਸਰ ਤੇ ਹੋਰਨਾਂ ਜੇਲ੍ਹਾਂ ਵਿਚ ਭੁੱਖ ਹੜਤਾਲ ‘ਤੇ ਬੈਠੇ ਨਜ਼ਰਬੰਦ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਸਨਮਾਨ ਵਿਚ ਅੰਨ-ਜਲ ਗ੍ਰਹਿਣ ਕਰਕੇ ਭੁੱਖ ਹੜਤਾਲ ਸਮਾਪਤ ਕਰ ਦੇਣ।
Comments
Start the conversation
Become a member of New India Abroad to start commenting.
Sign Up Now
Already have an account? Login