ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜਾਣ ਦੇ ਇਨ੍ਹੇ ਜਿਆਦਾ ਚਾਹਵਾਨ ਹੋ ਰਹੇ ਹਨ ਕਿ ਕਈ ਵਾਰ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਗਲਤ ਅਤੇ ਨਾਜਾਇਜ ਤਰੀਕੇ ਵੀ ਵਰਤਦੇ ਹਨ। ਜਿਨ੍ਹਾਂ ਦਾ ਬਾਅਦ 'ਚ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਅਜਿਹੀ ਹੀ ਇੱਕ ਖਬਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ। ਜਿਥੇ ਦੋ ਨੌਜਵਾਨਾਂ ਨੇ ਦੁਬਈ ਜਾਣ ਲਈ ਜਾਅਲੀ ਪਾਸਪੋਰਟਾਂ ਦੀ ਵਰਤੋਂ ਕੀਤੀ।
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੁਬਈ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਂਟਰੀ ਦੇਣ ਤੋਂ ਇਨਕਾਰ ਕਰ ਕੇ ਡਿਪੋਰਟ ਕਰ ਦਿੱਤਾ ਸੀ।
ਫਿਲਹਾਲ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਵਰਿਆਮ ਨੰਗਲ ਅੰਮ੍ਰਿਤਸਰ ਅਤੇ ਅਜਨਾਲਾ ਵਾਸੀ ਪਿੰਡ ਜਸਰਾਉਂ ਵਜੋਂ ਹੋਈ ਹੈ। ਦੋਵੇਂ ਨੌਜਵਾਨ ਜਾਅਲੀ ਭਾਰਤੀ ਪਾਸਪੋਰਟ ਲੈ ਕੇ ਦੁਬਈ ਗਏ ਸਨ।
ਜਦੋਂ ਦੁਬਈ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਦੋਵਾਂ ਨੌਜਵਾਨਾਂ ਨੂੰ ਦੁਬਈ 'ਚ ਦਾਖਲ ਨਹੀਂ ਹੋਣ ਦਿੱਤਾ ਅਤੇ ਕਾਰਵਾਈ ਕਰਦਿਆਂ ਕਤਰ ਏਅਰਵੇਜ਼ 'ਤੋਂ ਵਾਪਸ ਭਾਰਤ ਭੇਜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਕਿਸੇ ਹੋਰ ਦੇ ਪਾਸਪੋਰਟ ਨਾਲ ਛੇੜਛਾੜ ਕਰਕੇ ਉਸ ਨੂੰ ਆਪਣਾ ਬਣਾ ਲਿਆ। ਇਨ੍ਹਾਂ ਪਾਸਪੋਰਟਾਂ ਦੀ ਵਰਤੋਂ ਕਰਦੇ ਹੋਏ ਉਹ ਦੁਬਈ ਚਲੇ ਗਏ ਪਰ ਦੁਬਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੀ ਗ਼ਲਤੀ ਫੜ ਲਈ ਅਤੇ ਭਾਰਤ ਡਿਪੋਰਟ ਕਰ ਦਿੱਤਾ।
ਭਾਰਤ ਪਹੁੰਚਣ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਦੋਵਾਂ ਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਖਿਲਾਫ ਪਾਸਪੋਰਟ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login