ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ 'ਤੇ ਬਾਲੀਵੁੱਡ ਦੀ ਅਦਾਕਾਰ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਪੰਜਾਬ ਦੀ ਰਹਿਣ ਵਾਲੀ ਸੀਆਈਐੱਸਐੱਫ ਦੀ ਸਿਪਾਹੀ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਸੀਆਈਐੱਸਐੱਫ ਨੇ ਕੁਲਵਿੰਦਰ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਉਸ ਦੇ ਖਿਲਾਫ ਮੁਹਾਲੀ ਪੁਲਿਸ ਨੂੰ ਸ਼ਿਕਾਇਤ ਸੌਂਪੀ ਹੈ।
ਸੂਤਰਾਂ ਅਨੁਸਾਰ ਕੁਲਵਿੰਦਰ ਨੇ ਕੰਗਨਾ ਨੂੰ ਉਸ ਵੱਲੋਂ ਕਿਸਾਨ ਅੰਦੋਲਨ ਦੌਰਾਨ ਭਾਗ ਲੈਣ ਵਾਲੀਆਂ ਔਰਤਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਦੇ ਕਾਰਨ ਥੱਪੜ ਮਾਰਿਆ। ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਚੈੱਕ ਦੌਰਾਨ ਕੰਗਨਾ ਅਤੇ ਕੁਲਵਿੰਦਰ ਦੇ ਵਿਚਕਾਰ ਬਹਿਸਬਾਜੀ ਹੋਈ ਜਿਸ ਮਗਰੋਂ ਇਹ ਘਟਨਾ ਵਾਪਰ ਗਈ।
ਸੀਆਈਐੱਸਐੱਫ ਦੇ ਇੱਕ ਬੁਲਾਰੇ ਨੇ ਕਿਹਾ ਟਾਈਮਸ ਆਫ ਇੰਡੀਆ ਨੂੰ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਉਸ ਦੀ ਇਸ ਕਾਰਵਾਈ ਲਈ ਮੁਅੱਤਲ ਕਰਕੇ ਉਸ ਖਿਲਾਫ ਪੁਲਿਸ ਨੂੰ ਸ਼ਿਕਾਇਤ ਸੌਂਪ ਦਿੱਤੀ ਗਈ ਹੈ। “ਲੋਕਲ ਪੁਲਿਸ ਇਸ ਮਾਮਲੇ ਵਿੱਚ ਅਪਰਾਧਿਕ ਜਾਂਚ ਕਰੇਗੀ। ਸਾਡੇ ਵੱਲੋਂ ਮਾਮਲੇ ਵਿੱਚ ਸਮੁੱਚੀ ਅੰਦਰੂਨੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ।”
ਮੁਹਾਲੀ ਦੇ ਡੀਐੱਸਪੀ ਕੇ ਐੱਸ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਨਾਲ ਸਬੰਧਤ ਸ਼ਿਕਾਇਤ ਪ੍ਰਾਪਤ ਹੋਈ ਹੈ। ਪੰਜਾਬ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਹੈ।
ਘਟਨਾ ਤੋਂ ਬਾਅਦ ਕੁਲਵਿੰਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਜਿਸ ਉਹ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ, “ਇਸ (ਕੰਗਨਾ) ਨੇ ਬਿਆਨ ਦੀਆ ਥਾ ਨਾ ਕਿ 100-100 ਰੁਪਏ ਕੇ ਲੀਏ ਕਰਤੀਂ ਹੈਂ ਵਹਾਂ ਪੇ, ਯੇ ਬੈਠਤੀ ਵਹਾਂ ਪੇ? ਮੇਰੀ ਮਾਂ ਬੈਠੀ ਥੀ ਉਸ ਟਾਈਮ ਜਬ ਇਸ ਨੇ ਬਿਆਨ ਦੀਆ ਥਾ।”
ਰਣੌਤ ਮੰਡੀ ਤੋਂ ਲੋਕ ਸਭਾ ਸਾਂਸਦ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਵੱਲੋਂ ਸੱਦੀ ਗਈ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੀ ਸੀ।
ਘਟਨਾ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਉਸ ਨੇ ਕਿਹਾ, “ਜਿਵੇਂ ਹੀ ਮੈਂ ਸੁਰੱਖਿਆ ਚੈੱਕ ਤੋਂ ਬਾਅਦ ਬਾਹਰ ਆਈ, ਤਾਂ ਦੂਜੇ ਕੈਬਿਨ ਵਿੱਚ ਬੈਠੀ ਮਹਿਲਾ ਜੋ ਸੀਆਈਐੱਸਐੱਸ ਦੀ ਸੁਰੱਖਿਆ ਕਰਮੀ ਸੀ ਨੇ ਮੇਰੇ ਚਿਹਰੇ ਉੱਤੇ ਮਾਰਿਆ ਅਤੇ ਮੈਨੂੰ ਗਾਲਾਂ ਕੱਢੀਆਂ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੈ। ਮੈਂ ਸੁਰੱਖਿਅਤ ਹਾਂ ਪਰ ਜੋ ਪੰਜਾਬ ਅੰਦਰ ਅਤਿਵਾਦ ਤੇ ਉਗਰਵਾਦ ਵੱਧ ਰਿਹਾ ਹੈ ਉਸ ਨੂੰ ਆਪਾਂ ਕਿਵੇਂ ਨਜਿੱਠਿਏ।”
ਥੱਪੜ ਮਾਰਨ ਤੋਂ ਬਾਅਦ ਸੁਰਖੀਆਂ 'ਚ ਆਈ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਕਪੂਰਥਲਾ ਦੇ ਇੱਕ ਗਰੀਬ ਕਿਸਾਨ ਦੀ ਧੀ ਹੈ। ਮੀਡੀਆ ਰਾਹੀਂ ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਪਿੰਡ ਮੰਡ ਮਹੀਵਾਲ ਦਾ ਪੂਰਾ ਪਰਿਵਾਰ ਅਤੇ ਪਿੰਡ ਕੁਲਵਿੰਦਰ ਕੌਰ ਦੇ ਸਮਰਥਨ ਵਿੱਚ ਸਾਹਮਣੇ ਆਇਆ ਹੈ। ਛੋਟੇ ਜਿਹੇ ਪਿੰਡ ਮੰਡ ਮਹੀਵਾਲ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਅਨੁਸਾਰ ਕੁਲਵਿੰਦਰ ਕੌਰ ਦੀ ਸੁਰੱਖਿਆ ਨੂੰ ਲੈ ਕੇ ਕੰਗਣਾ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਤਣਾਅ ਵਧ ਗਿਆ।
ਕੁਲਵਿੰਦਰ ਕੌਰ ਦੇ ਛੇ ਭੈਣ-ਭਰਾ ਹਨ ਅਤੇ ਛੇ ਸਾਲ ਪਹਿਲਾਂ ਉਸ ਦਾ ਵਿਆਹ ਜੰਮੂ ਦੇ ਸਿਮਰਨ ਸਿੰਘ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ, ਪੁੱਤਰ ਅਤੇ ਧੀ। ਕੁਲਵਿੰਦਰ ਕੌਰ ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਹੈ।
ਉਸ ਨੇ ਦੱਸਿਆ ਕਿ ਪਤੀ-ਪਤਨੀ ਦੋਵੇਂ ਸੀਆਈਐੱਸਐੱਫ 'ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ਇਹ ਘਟਨਾ ਵਾਪਰੀ ਹੈ। ਕਿਉਂਕਿ ਉਹ ਏਅਰਪੋਰਟ 'ਤੇ ਡਿਊਟੀ 'ਤੇ ਸੀ ਪਰ ਹੁਣ ਪਤਾ ਲੱਗਾ ਹੈ ਕਿ ਆਪਣੀ ਸੁਰੱਖਿਆ ਡਿਊਟੀ ਦੌਰਾਨ ਸਕੈਨਰ 'ਤੇ ਕੰਗਨਾ ਰਣੌਤ ਦਾ ਪਰਸ ਅਤੇ ਫੋਨ ਚੈੱਕ ਕਰਨ ਦੌਰਾਨ ਉਸ ਦੀ ਕੁਲਵਿੰਦਰ ਕੌਰ ਨਾਲ ਬਹਿਸ ਹੋ ਗਈ ਸੀ।
ਉਸ ਅਨੁਸਾਰ ਕੰਗਣਾ ਨੇ ਕਿਹਾ ਕਿ ਉਹ ਮੰਡੀ ਦੀ ਸੰਸਦ ਮੈਂਬਰ ਹੈ, ਜਿਸ 'ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਨਹੀਂ ਜਾਣਦੀ, ਇਸ 'ਤੇ ਉਨ੍ਹਾਂ ਦੀ ਆਪਸ 'ਚ ਬਹਿਸ ਹੋ ਗਈ ਅਤੇ ਮਾਮਲਾ ਗੰਭੀਰ ਹੋ ਗਿਆ। ਉਨ੍ਹਾਂ ਕਿਹਾ ਕਿ ਕੰਗਨਾ ਵੱਲੋਂ ਜਿਸ ਤਰ੍ਹਾਂ ਪੰਜਾਬ ਦੀਆਂ ਧੀਆਂ ਅਤੇ ਮਾਵਾਂ ਬਾਰੇ ਬਿਆਨਬਾਜ਼ੀ ਕੀਤੀ ਜਾਂਦੀ ਹੈ, ਉਸ ਨੂੰ ਲੈ ਕੇ ਵਧਦੀ ਕੁੜੱਤਣ ਕਾਰਨ ਕੁਲਵਿੰਦਰ ਕੌਰ ਨੇ ਇਹ ਕੀਤਾ। ਇਸ ਮਾਮਲੇ 'ਚ ਉਹ ਹਰ ਤਰ੍ਹਾਂ ਦੀ ਲੜਾਈ ਅਤੇ ਐਕਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਘਟਨਾ ਤੋਂ ਬਾਅਦ ਕੁਲਵਿੰਦਰ ਦਾ ਪਰਿਵਾਰ ਤੁਰੰਤ ਚੰਡੀਗੜ੍ਹ ਲਈ ਰਵਾਨਾ ਹੋ ਗਿਆ।
ਘਟਨਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਮੰਡ ਮਹੀਵਾਲ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਕੰਗਨਾ ਰਣੌਤ ਵੱਲੋਂ ਪੰਜਾਬ ਤੇ ਪੰਜਾਬੀਆਂ ਪ੍ਰਤੀ ਨਫ਼ਰਤੀ ਟਿੱਪਣੀ ਦੇਸ਼ਹਿਤ ਵਿੱਚ ਨਹੀਂ- ਐਡਵੋਕੇਟ ਧਾਮੀ
ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਇੱਕ ਪੰਜਾਬੀ ਸੁਰੱਖਿਆ ਕਰਮੀ ਨਾਲ ਹੋਈ ਬਹਿਸਬਾਜੀ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀ ਕਰਨਾ ਉਸਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਅਤਿਵਾਦ ਵਧ ਰਿਹਾ ਹੈ, ਇਹ ਉਸਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦਕਿ ਸੱਚ ਇਹ ਹੈ ਕਿ ਉਸ ਦੀ ਆਪਣੀ ਜਬਾਨ ਰਾਹੀਂ ਫੈਲਾਇਆ ਜਾ ਰਿਹਾ ਅਤਿਵਾਦ ਦੇਸ਼ ਦੇ ਮਹੌਲ ਨੂੰ ਦੂਸ਼ਿਤ ਕਰ ਰਿਹਾ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਜਿੰਦਾ ਹੈ ਤਾਂ ਉਸ ਪਿੱਛੇ ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਹਨ। ਇਤਿਹਾਸ ਨੂੰ ਭੁੱਲ ਕੇ ਕੇਵਲ ਚਰਚਿਤ ਹੋਣ ਲਈ ਦੇਸ਼ ਵਿੱਚ ਲੋਕਾਂ ਦੀ ਆਪਸੀ ਸਦਭਾਵਨਾ ਅਤੇ ਪਰਸਪਰ ਸਮਾਜਿਕ ਰਿਸ਼ਤਿਆਂ ਦੀ ਅਣਦੇਖੀ ਕਰਨਾ ਦੇਸ਼ ਲਈ ਚੰਗਾ ਨਹੀਂ ਹੈ। ਪਰੰਤੂ ਕੰਗਣਾ ਰਣੌਤ ਜਾਣਬੁੱਝ ਕੇ ਇਸ ਰਸਤੇ ਉੱਤੇ ਤੁਰ ਰਹੀ ਹੈ। ਐਡਵੋਕੇਟ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੰਗਨਾ ਰਣੌਤ ਨੂੰ ਜਾਬਤੇ ਵਿੱਚ ਰਹਿਣ ਦਾ ਪਾਠ ਪੜ੍ਹਾਉਣ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਣ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਵਾਪਰੀ ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਸ ਵਿੱਚ ਵੀ ਕੰਗਨਾ ਰਣੌਤ ਵੱਲੋਂ ਪੰਜਾਬ ਵਿਰੁੱਧ ਨਫ਼ਰਤੀ ਮਹੌਲ ਸਿਰਜਣ ਲਈ ਕੋਈ ਸ਼ਰਾਰਤੀ ਬਹਿਸਬਾਜੀ ਤਾਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰੀ ਸਰੁੱਖਿਆ ਬਲ ਵੱਲੋਂ ਕੀਤੀ ਜਾਣ ਵਾਲੀ ਜਾਂਚ ਬਿਨਾਂ ਕਿਸੇ ਦੇ ਸਿਆਸੀ ਤੇ ਸਖ਼ਸ਼ੀ ਪ੍ਰਭਾਵ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਅਨਿਆ ਨਾ ਹੋਵੇ।
Comments
Start the conversation
Become a member of New India Abroad to start commenting.
Sign Up Now
Already have an account? Login