ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖ਼ਾਸ ਅਪੀਲ ਕੀਤੀ ਹੈ।
ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ "ਅੱਜ ਪੰਥ ਦੀ ਨੁਮਾਇੰਦਗੀ ਕਰਦੇ ਅਕਾਲੀ ਦਲ ਦੀ ਸਥਿਤੀ ਇੰਨੀ ਮਾੜੀ ਕਿਉਂ ਬਣੀ ਹੋਈ ਹੈ ? ਅਕਾਲੀ ਦਲ ਤੇ ਇਸ ਦੇ ਪ੍ਰਧਾਨ ਦਾ ਭਵਿੱਖ ਆਪਸ ਵਿਚ ਕਿਉਂ ਜੁੜਿਆ ਹੋਇਆ ਹੈ ਕਿ ਪਾਰਟੀ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਪਾਰਟੀ ਆਪਣੇ ਗੜ੍ਹ ਵਿਚ ਵੀ ਜ਼ਿਮਨੀ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ ?" ਜਿੱਥੇ ਇਸ ਦੇ ਕਾਰਨਾਂ 'ਤੇ ਵਿਚਾਰ ਕਰਨ ਦੀ ਲੋੜ ਹੈ ਉੱਥੇ ਇਹ ਵੀ ਇਕ ਕੌੜਾ ਸੱਚ ਹੈ ਕਿ ਪਿਛਲੇ ਸਮੇਂ ਵਿਚ ਬਹੁਤ ਵੱਡੇ ਗੁਨਾਹ ਹੋਏ ਹਨ ਅਤੇ ਉਨ੍ਹਾਂ ਗੁਨਾਹਾਂ ਦੇ ਗੁਨਾਹਗਾਰਾਂ ਨੂੰ ਅਹਿਸਾਸ ਵੀ ਹੋਣਾ ਜ਼ਰੂਰੀ ਹੈ ਅਤੇ ਸਜ਼ਾ (ਤਨਖਾਹ ਲੱਗਣੀ) ਵੀ ਜ਼ਰੂਰੀ ਹੈ ਪਰ ਤਨਖ਼ਾਹ ਕੀ ਤੇ ਕਿੰਨੀ ਸਖ਼ਤ ਹੋਵੇ, ਇਸ ਦਾ ਫ਼ੈਸਲਾ ਕਰਨ ਸਮੇਂ ਇਹ ਤੱਥ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਇਸ ਦਾ ਅਸਰ ਕੇਵਲ ਕੁਝ ਵਿਅਕਤੀਆਂ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ ਸਗੋਂ ਪੰਥ ਦੀ ਨੁਮਾਇੰਦਗੀ ਕਰਦੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਭਵਿੱਖ ਵੀ ਨਿਰਧਾਰਤ ਕਰੇਗਾ।"
ਸੁਨੀਲ ਜਾਖੜ ਨੇ ਹੋਰ ਲਿਖਿਆ ਕਿ ਪੰਥ ਦੀ ਇਸ ਨੁਮਾਇੰਦਾ ਜਮਾਤ ਨੂੰ ਖ਼ਤਮ ਕਰਨ ਲਈ ਜੋ ਕੰਮ ਅੰਗਰੇਜ਼ ਸਰਕਾਰ ਦੇ ਗੋਰੇ ਅਤੇ ਮਸੰਦ ਨਹੀਂ ਕਰ ਸਕੇ ਉਹ ਕੰਮ ਉਸ ਨੇ ਦਿੱਤਾ ਜੋ ਆਪ ਭਾਵੇਂ ਸੁਨਾਰੀਆ ਜੇਲ੍ਹ ਬੈਠਾ ਹੈ, ਪਰ ਉਸ ਕਾਰਨ ਪੰਥਕ ਪਾਰਟੀ ਵਿਚ ਵੱਡਾ ਦੁਫੇੜ ਖੜ੍ਹਾ ਹੋਇਆ ਪਿਆ ਹੈ। ਬਤੌਰ ਪੰਜਾਬੀ ਮੇਰਾ ਮੰਨਨਾ ਹੈ ਕਿ ਅਕਾਲੀ ਦਲ ਪੰਜਾਬ ਲਈ ਅੱਜ ਵੀ ਉਨ੍ਹਾਂ ਹੀ ਜ਼ਰੂਰੀ ਹੈ ਜਿੰਨਾ 1920 ਵਿਚ ਸੀ।
ਇਸ ਲਈ ਮੇਰੀ ਸਾਡੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਨਾਹਗਾਰਾਂ ਨੂੰ ਉਸ ਦੀ ਗਲਤੀ ਦਾ ਅਹਿਸਾਸ ਵੀ ਕਰਵਾਇਆ ਜਾਵੇ ਤੇ ਉਚਿੱਤ ਤਨਖ਼ਾਹ ਵੀ ਲਗਾਈ ਜਾਵੇ ਪਰ ਸਜ਼ਾ ਲਗਾਉਂਦੇ ਹੋਏ ਪੰਥ ਦੀ ਪਾਰਟੀ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਜ਼ਰੂਰੀ ਹੈ।
ਉਨ੍ਹਾਂ ਲਿਖਿਆ ਅਸੀਂ ਮਰਜ਼ ਦਾ ਇਲਾਜ ਕਰਦੇ ਹੋਏ ਮਰੀਜ਼ ਨਹੀਂ ਗੁਆਉਣਾ ਹੈ, ਇਸ ਲਈ ਜੇਕਰ ਸਾਡੇ ਸਤਿਕਾਰਤ ਜੱਥੇਦਾਰ ਸਾਹਿਬਾਨ ਇਸ ਮੁਸ਼ਕਿਲ ਦੌਰ ਵਿਚ ਇਕ ਸੇਧ ਦਿੰਦੇ ਹੋਏ ਆਪਣੀ ‘ਅਥਾਰਟੀ’ ਦਾ ਇਸਤੇਮਾਲ ਕਰਕੇ “ਸੁਧਰਨ ਵਾਲੇ ਤੇ ਸੁਧਾਰਨ ਵਾਲਿਆਂ” ਨੂੰ ਇਕੱਠਾ ਕਰਕੇ ਪੰਥ ਦੀ ਇਸ ਨੁਮਾਇੰਦਾ ਪਾਰਟੀ ਨੂੰ ਇਕਜੁੱਟ ਕਰਨ ਤਾਂ ਇਹ ਪੰਥ ਤੇ ਪੰਜਾਬ ਦੋਹਾਂ ਦੇ ਹਿੱਤ ਵਿਚ ਹੋਵੇਗਾ ਕਿਉਂਕਿ ਇਕ ਖੇਤਰੀ ਮਜ਼ਬੂਤ ਪਾਰਟੀ ਪੰਜਾਬ ਦੀ “ਜ਼ਰੂਰਤ ਸੀ, ਹੈ ਅਤੇ ਰਹੇਗੀ”। ਮੈਂ ਹਮੇਸ਼ਾ ਹੀ ਪੰਜਾਬ ਦੇ ਹਿੱਤ ਵਿਚ ਖੜ੍ਹਦਿਆਂ ਪੰਜਾਬ ਦੀ ਇਸ ਪੰਥਕ ਪਾਰਟੀ ਦੇ ਬਣੇ ਰਹਿਣ ਦੀ ਗੱਲ ਕੀਤੀ ਹੈ ਭਾਵੇਂ ਸਿਆਸੀ ਤੌਰ ਤੇ ਸਾਡੇ ਮਤਭੇਦ ਰਹੇ ਹੋਣ।"
Comments
Start the conversation
Become a member of New India Abroad to start commenting.
Sign Up Now
Already have an account? Login