ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਰਾਏ ਬੁਲਾਰ ਜੀ ਦੇ ਪਾਕਿਸਤਾਨ ਵਿੱਚ ਰਹਿੰਦੇ ਚਾਰ ਵੰਸ਼ਜ ਪਰਿਵਾਰਾਂ ਨੂੰ ਗੁਰੂ ਸਾਹਿਬ ਜੀ ਦੇ ਨਵੰਬਰ ਮਹੀਨੇ ਵਿੱਚ ਆ ਰਹੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਭਾਰਤ ਆਉਣ ਦਾ ਸੱਦਾ ਭੇਜਿਆ ਹੈ।
ਰਾਏ ਬੁਲਾਰ ਜੀ ਦੇ ਵੰਸ਼ਜ ਰਾਏ ਮੁਹੰਮਦ ਸਲੀਮ ਭੱਟੀ ਸਮੇਤ ਚਾਰ ਪਰਿਵਾਰਾਂ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਇਸ ਸਾਲ 15 ਨਵੰਬਰ 2024 ਨੂੰ ਸ੍ਰੀ ਅੰਮ੍ਰਿਤਸਰ, ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ, ਦਿੱਲੀ, ਨਾਨਕਮੱਤਾ (ਉਤਰਾਖੰਡ) ਵਿਖੇ ਸਥਿਤ ਕਈ ਗੁਰਧਾਮਾਂ ਉੱਤੇ ਮਨਾਇਆ ਜਾ ਰਿਹਾ ਹੈ, ਇਸ ਲਈ ਰਾਏ ਬੁਲਾਰ ਜੀ ਦੇ ਵੰਸ਼ਜ ਪਰਿਵਾਰ 1 ਤੋਂ 30 ਨਵੰਬਰ 2024 ਦੇ ਵਿਚਕਾਰ ਭਾਰਤ ਆ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਪਰਿਵਾਰਾਂ ਦੇ ਭਾਰਤ ਪਹੁੰਚਣ ਉੱਤੇ ਉਨ੍ਹਾਂ ਦੀ ਰਿਹਾਇਸ਼ ਅਤੇ ਯਾਤਰਾ ਦੇ ਸਾਰੇ ਖਰਚੇ ਦਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਹੈ।
ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਰਾਏ ਬੁਲਾਰ ਜੀ ਦੇ ਵੰਸ਼ਜਾਂ ਨੂੰ ਵੀਜ਼ੇ ਜਾਰੀ ਕਰਕੇ ਭਾਰਤ ਆਉਣ ਦੀ ਇਜ਼ਾਜਤ ਦੇਵੇ ਤਾਂ ਜੋ ਉਹ ਇੱਧਰ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਾਮਲ ਹੋ ਸਕਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਏ ਗਈ ਰਾਏ ਬੁਲਾਰ ਜੀ ਦੀ ਤਸਵੀਰ ਨੂੰ ਯਾਦਗਾਰ ਵਜੋਂ ਨਿਹਾਰ ਸਕਣ।
ਉਨ੍ਹਾਂ ਕਿਹਾ ਕਿ ਰਾਏ ਬੁਲਾਰ ਜੀ ਦੇ ਪਰਿਵਾਰ ਦਾ ਸਿੱਖਾਂ ਨਾਲ ਆਪਸੀ ਸਤਿਕਾਰ ਵਾਲਾ ਰਿਸ਼ਤਾ ਹੈ ਕਿਉਂਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਵਜੋਂ ਰਾਏ ਬੁਲਾਰ ਜੀ ਦਾ ਇਤਿਹਾਸ ਅੰਦਰ ਸਥਾਨ ਮਹੱਤਵਪੂਰਨ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਸੱਦਾ ਪੱਤਰ ਦੇਣ ਅਤੇ ਸਰਕਾਰ ਨੂੰ ਲਿਖਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸੀ ਅਤੇ ਹੁਣ ਸਰਕਾਰ ਨੂੰ ਇਸ ਉੱਤੇ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਲ 2022 ਵਿੱਚ ਜਦੋਂ ਰਾਏ ਬੁਲਾਰ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ ਸੀ ਤਾਂ ਉਸ ਵਕਤ ਵੀ ਸ਼੍ਰੋਮਣੀ ਕਮੇਟੀ ਨੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਭੇਜਿਆ ਸੀ ਪਰ ਭਾਰਤੀ ਵੀਜ਼ੇ ਨਾਲ ਮਿਲਣ ਕਰਕੇ ਉਹ ਆ ਨਹੀਂ ਸਕੇ ਸਨ। ਐਡਵੋਕੇਟ ਧਾਮੀ ਨੇ ਆਸ ਪ੍ਰਗਟਾਈ ਕੇ ਸਰਕਾਰ ਇਸ ਵਾਰ ਰਾਏ ਬੁਲਾਰ ਜੀ ਦੇ ਵੰਸ਼ਜਾਂ ਨੂੰ ਭਾਰਤ ਆਉਣ ਲਈ ਵੀਜ਼ੇ ਜਾਰੀ ਕਰਕੇ ਸਿੱਖਾਂ ਭਾਵਨਾਵਾਂ ਦੀ ਕਦਰ ਕਰੇਗੀ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਪਿਤਾ ਮਹਿਤਾ ਕਲਿਆਨ ਦਾਸ ਜੀ ਰਾਏ ਬੁਲਾਰ ਜੀ ਦੇ ਕੋਲ ਨੌਕਰੀ ਕਰਦੇ ਸਨ। ਰਾਏ ਬੁਲਾਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਸਨ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਅੰਦਰ ਰੱਬੀ ਜੋਤ ਦੀ ਪਛਾਣ ਕਰ ਲਈ ਸੀ। ਰਾਏ ਬੁਲਾਰ ਜੀ ਨੇ ਆਪਣੀ ਜਾਇਦਾਦ ਵਿੱਚੋਂ ਹਜ਼ਾਰਾਂ ਏਕੜ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਕਰ ਦਿੱਤੀ ਸੀ, ਜੋ ਕਿ ਇਸ ਸਮੇਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਹੈ।
Comments
Start the conversation
Become a member of New India Abroad to start commenting.
Sign Up Now
Already have an account? Login