ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਬਣ ਰਹੀਆਂ ਵੋਟਾਂ 'ਚ ਯੋਗ ਸਿੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਅਤੇ ਇਸ ਕਾਰਜ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ ਦੀ ਮੰਗ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਸ ਐੱਸ ਸਾਰੋਂ ਨੂੰ ਮਿਲਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਸਟਿਸ ਐਸ ਐਸ ਸਾਰੋਂ ਨੂੰ ਪੱਤਰ ਸੌਂਪ ਕੇ ਸਰਕਾਰੀ ਅਧਿਕਾਰੀਆਂ ਵੱਲੋਂ ਵੋਟਾਂ ਬਣਾਉਣ ਸਮੇਂ ਨਿਯਮਾ ਦੀ ਅਣਦੇਖੀ ਕਰਦਿਆਂ ਬਿਨਾਂ ਤਸਦੀਕ ਕੀਤੇ ਗਲਤ ਵੋਟਾਂ ਬਣਾਉਣ ਦੇ ਮਾਮਲੇ ਨੂੰ ਸੰਜ਼ੀਦਗੀ ਨਾਲ ਲੈਣ ਲਈ ਕਿਹਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਸੰਗਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਸਰਕਾਰੀ ਅਧਿਕਾਰੀ ਗੁਰਦੁਆਰਾ ਚੋਣਾਂ ਲਈ ਰਜਿਸਟ੍ਰੇਸ਼ਨ ਵਾਸਤੇ ਨਿਰਧਾਰਤ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਵੋਟਾਂ ਬਣਾਉਣ ਵਾਲੇ ਸਰਕਾਰੀ ਕਰਮਚਾਰੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚੋਂ ਨਾਮ ਚੁੱਕ ਕੇ ਨਿਯਮਾਂ ਨੂੰ ਅਣਦੇਖਾ ਕਰਦਿਆਂ ਵੋਟਾਂ ਬਣਾ ਰਹੇ ਹਨ, ਜਿਸ ਨਾਲ ਸਾਬਤ ਸੂਰਤ ਸਿੱਖ ਵਾਲੀ ਸ਼ਰਤ ਦੀ ਉਲੰਘਣਾ ਹੋਣ ਦਾ ਖ਼ਦਸ਼ਾ ਹੈ।
ਉਨ੍ਹਾ ਮੰਗ ਕੀਤੀ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਸਖ਼ਤ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਕਿਸੇ ਵੀ ਗੈਰ ਸਿੱਖ ਅਤੇ ਪਤਿਤ ਦੀ ਵੋਟ ਨਾ ਬਣੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਮੈਂਬਰ ਚੁਨਣ ਵਾਸਤੇ ਨਿਯਮਾਂ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਯਕੀਨੀ ਬਣਾਉਣਾ ਗੁਰਦੁਆਰਾ ਚੋਣ ਕਮਿਸ਼ਨ ਦਾ ਮੁੱਢਲਾ ਫ਼ਰਜ਼ ਹੈ ਅਤੇ ਸੰਗਤ ਦੇ ਇਤਰਾਜ਼ਾਂ ਤੇ ਖ਼ਦਸ਼ਿਆਂ ਵੱਲ ਕਮਿਸ਼ਨ ਉਚੇਚੇ ਤੌਰ ’ਤੇ ਧਿਆਨ ਦੇਵੇ।
ਕਮਿਸ਼ਨਰ ਨੂੰ ਸ਼ੌਪੇ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸਿੱਖ ਤੇ ਸਾਬਤ ਸੂਰਤ ਵੋਟਰਾਂ ਤੱਕ ਪਹੁੰਚ ਨੂੰ ਯਕੀਨੀ ਕਰਨ ਲਈ ਆਦੇਸ਼ ਦਿੱਤੇ ਜਾਣ ਅਤੇ ਹਰ ਵੋਟਰ ਦੀ ਪਛਾਣ ਤਸਦੀਕ ਕਰਨ ਦੇ ਨਾਲ-ਨਾਲ ਉਸ ਦੀ ਤਾਜ਼ਾ ਫੋਟੋ ਫਾਰਮ ਨਾਲ ਲੈ ਕੇ ਹੀ ਵੋਟਾਂ ਬਣਾਈਆਂ ਜਾਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਲਖਬੀਰ ਸਿੰਘ ਹਾਜ਼ਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login