ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ।
ਇਸ ਬਾਰੇ ਫੈਸਲਾ ਪਾਰਟੀ ਦੇ ਸਕੱਤਰ ਜਨਰਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਵੱਲੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਭਾਜਪਾ ਉਮੀਦਵਾਰ ਸੰਜੇ ਟੰਡਨ ਦੀ ਹਮਾਇਤ ਕਰ ਕੇ ਜਾਣ ਬੁੱਝ ਕੇ ਪਾਰਟੀ ਨੂੰ ਸਾਬੋਤਾਜ਼ ਕਰਨ ਦੀਆਂ ਕੀਤੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਕੱਤਰ ਜਨਰਲ ਨੇ ਕਿਹਾ ਕਿ ਉਹਨਾਂ ਨੂੰ ਬੀਬੀ ਹਰਜਿੰਦਰ ਕੌਰ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਵੀਡੀਓ ਸਬੂਤ ਮਿਲਿਆ ਸੀ ਅਤੇ ਉਹ ਇਹ ਕਦਮ ਚੁੱਕਣ ਵਾਸਤੇ ਮਜਬੂਰ ਹੋਏ ਹਨ ਤਾਂ ਜੋ ਸਪਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਅਕਾਲੀ ਦਲ ਸ਼੍ਰੋਮਣੀ ਕਮੇਟੀ ਮੈਂਬਰ ਦੇ ਅਨੈਤਿਕ ਵਿਹਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਸਰਦਾਰ ਭੂੰਦੜ ਨੇ ਕਿਹਾ ਕਿ ਇਹ ਪਹਿਲੀਵਾਰ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਪਾਰਟੀ ਦੇ ਸਿਧਾਂਤਾਂ ਦੇ ਉਲਟ ਗਏ ਹਨ। ਇਸ ਤੋਂ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ ਕਿ ਬੀਬੀ ਹਰਜਿੰਦਰ ਕੌਰ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਹੈ ਅਤੇ ਉਹਨਾਂ ਨੂੰ ਕੇਸਰੀਆ ਪਾਰਟੀ ਦੀ ਹਮਾਇਤ ਬਦਲੇ ਅਹਿਮ ਅਹੁਦੇ ਮਿਲਣੇ ਹਨ।
ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਲੰਬਾ ਸਮਾਂ ਦਿੱਤਾ ਤਾਂ ਜੋ ਉਹ ਆਪਣੀਆਂ ਗਲਤੀਆਂ ਮਹਿਸੂਸ ਕਰਨ ਅਤੇ ਦਿਲੋਂ ਪੰਥਕ ਸਫਾਂ ਵਿਚ ਵਾਪਸ ਆ ਜਾਣ ਪਰ ਇਸ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਸਭ ਹੱਦ ਬੰਨੇ ਅੱਪ ਗਏ ਤੇ ਉਹਨਾਂ ਨੇ ਚੰਡੀਗੜ੍ਹ ਵਿਚ ਭਾਜਪਾ ਉਮੀਦਵਾਰ ਦੀ ਹਮਾਇਤ ਕਰ ਦਿੱਤੀ ਹੈ।
ਅਜਿਹਾ ਕਰਦਿਆਂ ਉਹਨਾਂ ਨੇ ਨਾ ਸਿਰਫ ਪਾਰਟੀ ਲੀਹਾਂ ਨੂੰ ਤੋੜਿਆ ਹੈ ਬਲਕਿ ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ ਕਿਉਂਕਿ ਕੇਂਦਰ ਦੇ ਕਿਸਾਨ ਵਿਰੋਧੀ ਕਦਮਾਂ ਦੇ ਨਾਲ-ਨਾਲ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ ਕਾਰਨ ਸਿੱਖ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਬੰਦੀ ਸਿੰਘ 26 ਤੋਂ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹ ਬੀਬੀ ਹਰਜਿੰਦਰ ਕੌਰ ਵਰਗੀ ਸੀਨੀਅਰ ਆਗੂ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਪਾਰਟੀ ਦੇ ਮੂਲ ਫਲਸਫੇ ਦੇ ਖਿਲਾਫ ਜਾਣ।
ਸਰਦਾਰ ਭੂੰਦੜ ਨੇ ਸਪਸ਼ਟ ਕੀਤਾ ਕਿ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੈਂ ਸ਼ਿਕਾਇਤਕਰਤਾਵਾਂ ਦੇ ਨਾਲ ਨਾਲ ਚੰਡੀਗੜ੍ਹ ਇਕਾਈ ਦੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਲਿਆ ਹੈ ਜਿਹਨਾਂ ਨੇ ਮੈਨੂੰ ਪਾਰਟੀ ਦੇ ਹਿੱਤਾਂ ਵਿਚ ਇਹ ਕਦਮ ਚੁੱਕਣ ਵਾਸਤੇ ਆਖਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹਵੀ ਰਿਪੋਰਟਾਂ ਮਿਲੀਆਂ ਹਨ ਕਿ ਭਾਜਪਾ ਪਾਰਲੀਮਾਨੀ ਚੋਣ ਵਿਚ ਪਾਰਟੀ ਆਗੂਆਂ ਨੂੰ ਆਕਰਸ਼ਤ ਕਰਨ ਵਾਸਤੇ ਵੱਡੇ ਅਹੁਦੇ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ।
ਅਕਾਲੀ ਆਗੂ ਨੇ ਚੰਡੀਗੜ੍ਹ ਇਕਾਈ ਵੱਲੋਂ ਇਕਜੁੱਟ ਰਹਿ ਕੇ ਅਕਾਲੀ ਦਲ ਨਾਲ ਡਟੇ ਰਹਿਣ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਕਾਈ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਦੇ ਮਾਮਲੇ ਵਿਚ ਫੈਸਲਾ ਲੈਣ ਦੇ ਅਧਿਕਾਰ ਦੇ ਚੁੱਕੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login