ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਅੰਦਰ ਬੂਟੇ ਲਗਾਉਣ ਦਾ ਕਾਰਜ ਆਰੰਭ ਕੀਤਾ ਗਿਆ ਹੈ। ਇਸੇ ਤਹਿਤ ਅੱਜ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਨੂੰ ਆਉਂਦੇ ਰਸਤਿਆਂ ਤੇ ਬੂਟੇ ਲਗਾਏ ਗਏ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ ਤੇ ਮੈਨੇਜਰ ਸ. ਹਰਪ੍ਰੀਤ ਸਿੰਘ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸ਼ੁਧਤਾ ਲਈ ਸ਼੍ਰੋਮਣੀ ਕਮੇਟੀ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਬੂਟੇ ਲਗਾਏ ਜਾ ਰਹੇ ਹਨ। ਬੂਟੇ ਲਗਾਉਣ ਦਾ ਮੰਤਵ ਚੌਗਿਰਦੇ ਨੂੰ ਹਰਿਆਵਲ ਭਰਪੂਰ ਕਰਨਾ ਹੈ, ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹੇ।
ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਇਕ ਨੂੰ ਯਤਨ ਕਰਨੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੂੰ ਆਉਂਦੇ ਰਸਤਿਆਂ ਤੇ ਅੱਜ ਵੱਖ ਵੱਖ ਤਰ੍ਹਾ ਦੇ ਬੂਟੇ ਲਗਾਏ ਗਏ ਹਨ। ਉਨ੍ਹਾ ਸੰਗਤਾਂ ਨੂੰ ਵੀ ਵਧ ਤੋਂ ਵਧ ਬੂਟੇ ਲਗਾਉਣ ਦੀ ਅਪੀਲ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login