ਜਨਮ ਸਾਖੀ ਸਾਹਿਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤਾਂ ਸਾਰੇ ਜਗਤ ਨੂੰ ਰੁਸ਼ਨਾਉਣ ਵਾਲੀ ਕਰਤਾਰ ਦੇ ਪਰਗਟ ਹੋਣ ਦੀ ਗਵਾਹੀ ਭਰਦੀ ਜਗਤ ਨੂੰ ਰੁਸ਼ਨਾਉਣ ਵਾਲੀ ਪਹਿਲੀ ਕਿਰਨ ਦਾਈ ਦੌਲਤਾਂ ਨੂੰ ਨਸੀਬ ਹੋਈ। ਉਸ ਤੋਂ ਬਾਦ ਸਭ ਤੋਂ ਪਹਿਲੇ ਵਿਅਕਤੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੈਵੀ ਅਜ਼ਮਤ ਪਛਾਨਣ ਦਾ ਮੌਕਾ ਮਿਲਿਆ ਉਹ ਸਨ ਰਾਇ ਬੁਲਾਰ ਭੱਟੀ ਜੀ। ਉਨ੍ਹਾਂ ਨੇ ਆਪਣੀ ਅੱਧੀ ਜ਼ਮੀਨ 750 ਮੁਰੱਬੇ (18750 ਕਿਲੇ) ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਨਾਂ ਲਾ ਦਿੱਤੀ ।
ਉਨ੍ਹਾਂ ਦੀ 19ਵੀਂ ਪੀੜ੍ਹੀ ‘ਚੋਂ ਰਾਏ ਬਿਲਾਲ ਅਕਰਮ ਭੱਟੀ ਪ੍ਰਵਾਰ ਸਮੇਤ ਬੀਤੇ ਦਿਨੀ ਆਪਣੇ ਅਮਰੀਕਾ ਦੇ ਦੌਰੇ ‘ਤੇ ਓਹਾਇਓ ਸੂਬੇ ਪ੍ਰਸਿੱਧ ਸ਼ਹਿਰ ਸਿਨਸਿਨੈਟੀ ਅਤੇ ਡੇਟਨ ਪੁੱਜੇ ਜਿੱਥੇ ਸਿੱਖ ਭਾਈਚਾਰੇ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਬੀਤੇ ਦਿਨ ਉਹ ਸਿੱਖ ਸੋਸਾਇਟੀ ਆਫ਼ ਡੇਟਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੰਗਤ ਨਾਲ ਆਪਣੇ ਪ੍ਰਵਾਰ ਦੇ ਗੁਰੂ ਜੀ ਨਾਲ ਸਬੰਧਾਂ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਾਡੇ ਵਡੇਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਸਰੂਪ ਨੂੰ ਪਛਾਣਿਆ ਸੀ ।ਉਨ੍ਹਾਂ ਨੇ ਸੰਗਤ ਨੂੰ ਆਪਣੇ ਬੱਚਿਆਂ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰਨ ਦੀ ਅਪੀਲ ਕੀਤੀ ਤਾਂ ਜੁ ਸਾਡੀ ਅੱਜ ਦੀ ਨੌਜੁਆਨ ਪੀੜੀ ਆਪਣੇ ਵਿਰਸੇ ਨਾਲ ਜੁੜੀ ਰਹੇ।
ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਓਹਾਇਓ ਤੋਂ ਸੰਗਤਾਂ ਪਾਕਿਸਤਾਨ ਸਥਿੱਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪੁੱਜਣਗੀਆਂ। ਉਨ੍ਹਾਂ ਇਸ ਸੰਬੰਧੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖ਼ੁਆਰੀ ਨਾ ਆਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਹੁਣ ਸਰਕਾਰ ਨੇ ਵਿਦੇਸ਼ ਵੱਸਦੇ ਸਿੱਖਾਂ ਲਈ ਵੀ਼ਜ਼ਾ ਵੀ ਬਹੁਤ ਅਸਾਨ ਕਰ ਦਿੱਤਾ ਹੈ।ਹੁਣ ਵੀਜ਼ਾ ਅੋਨ ਲਾਈਨ ਹੈ। ਇੰਟਰਨੈਟ ‘ਤੇ ਤੁਸੀਂ ਅਮਰੀਕਾ ਵਿਚਲੀ ਪਾਕਿਸਤਾਨ ਦੀ ਐਮਬੈਸੀ ਦੀ ਵੈਬ ਸਾਈਟ ‘ਤੇ ਅਰਜੀ ਭੇਜ ਸਕਦੇ ਹੋ। ਕੁਝ ਕੁ ਦਿਨਾਂ ਬਾਦ ਤੁਹਾਨੂੰ ਵੀਜ਼ਾ ਜਾਰੀ ਹੋ ਜਾਵੇਗਾ।ਉਨ੍ਹਾਂ ਨੇ ਪ੍ਰਵਾਰ ਸਮੇਤ ਡੇਟਨ ਦਾ ਵਿਸ਼ਵ ਪ੍ਰਸਿੱਧ ਨੈਸ਼ਨਲ ਮਿਉਜ਼ੀਅਮ ਆਫ਼ ਦਾ ਯੂਨਾਇਟਡ ਸਟੇਟ ਏਅਰ ਫੋਰਸ ਵੇਖਿਆ।
ਇਸ ਮੌਕੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਭੱਟੀ ਸਾਹਿਬ ਨਾਲ ਨੇੜਲੇ ਸਬੰਧਾਂ ਦਾ ਜਿਕਰ ਕੀਤਾ।ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਭੱਟੀ ਸਾਹਿਬ ਦੀ ਸਹਾਇਤਾ ਨਾਲ ਸਭ ਤੋਂ ਪਹਿਲਾਂ 2015 ਵਿਚ ਪਾਕਿਸਤਾਨ ਦਾ ਵੀਜਾ ਪ੍ਰਾਪਤ ਕੀਤਾ ਤੇ ਉਹ ਹੁਣ ਹਰ ਸਾਲ ਪਾਕਿਸਤਾਨ ਦੀ ਯਾਤਰਾ ਕਰਦੇ ਹਨ।ਉਨ੍ਹਾਂ ਨੇ ਦਸਿਆ ਕਿ ਕਈ ਲੋਕ ਕਈ ਤਰ੍ਹਾਂ ਦੇ ਸ਼ੰਕੇ ਜਾਹਿਰ ਕਰਦੇ ਹਨ ਕਿ ਉੱਥੇ ਸਫ਼ਰ ਕਰਨਾ ਬੜਾ ਖ਼ਤਰਨਾਕ ਹੈ ਜੋ ਕਿ ਗ਼ਲਤ ਹੈ। ਵਿਦੇਸ਼ੀਆਂ ਦੀ ਸੁਰੱਖਿਆ ਲਈ ਫ਼ੌਜ ਦੀ ਗੱਡੀ ਯਾਤਰੂਆਂ ਦੀ ਕਾਰ ਦੇ ਅੱਗੇ ਅੱਗੇ ਜਾਂਦੀ ਹੈ । ਸਿੱਖਾਂ ਨੂੰ ਪਾਕਿਸਤਾਨੀ ਲੋਕ ਬੜੇ ਚਾਅ ਤੇ ਸਤਿਕਾਰ ਨਾਲ ਮਿਲਦੇ ਹਨ ਤੇ ਕਈ ਆਪਣੇ ਵਡੇਰਿਆਂ ਦੇ ਪਿੰਡਾਂ ਬਾਰੇ ਪੱਛਦੇ ਹਨ ਜਿਹੜੇ ਕਿ ਪਹਿਲਾਂ ਦੇਸ਼ ਦੀ ਵੰਡ ਤੋਂ ਪਹਿਲਾਂ ਇਧਰ ਰਹਿੰਦੇ ਸਨ।
ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਦਰਸ਼ਨ ਸਿੰਘ ਤੇ ਭਾਈ ਹੇਮ ਸਿੰਘ ਅਤੇ ਬੱਚਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਇਸ ਮੌਕੇ ਪਾਕਿਸਤਾਨ ਵਿਚ ਸ਼ਾਹਮੁੱਖੀ ਵਿਚ ਛਪੀ ਪੁਸਤਕ ਗੁਰੂ ਨਾਨਕ ਸਾਹਿਬ – ਜੀਵਨ ਅਤੇ ਫ਼ਿਲਾਸਫੀ ਲੇਖਕ ਡਾ. ਕਲਿਆਣ ਸਿੰਘ ਕਲਿਆਣ, ਡਾ. ਅਜੀਤ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਤਵੰਤ ਕੌਰ ਸੰਗਤ ਵਿਚ ਰਲੀਜ਼ ਕੀਤੀ ਗਈ।ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟੀ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Comments
Start the conversation
Become a member of New India Abroad to start commenting.
Sign Up Now
Already have an account? Login