ਭਾਰਤ ਦੇ ਚੀਫ ਜਸਟਿਸ ਸ੍ਰੀ ਧਨੰਜਯ ਵਾਈ. ਚੰਦਰਚੂੜ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਜਸਟਿਸ ਚੰਦਰਚੂੜ ਨੇ ਆਪਣੀਆਂ ਭਾਰਨਾਵਾਂ ਵਿਅਕਤ ਕਰਦਿਆਂ ਯਾਤਰੀ ਕਿਤਾਬ ਵਿੱਚ ਲਿਖਿਆ ਕਿ ਇਲਾਹੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਦੇ ਸੁਪਨਾ ਸਾਕਾਰ ਹੋਇਆ ਹੈ। ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿੱਚ ਇੱਥੇ ਅਰਦਾਸ ਕਰਨ ਦੇ ਯੋਗ ਹੋਣ ਦਾ ਇੱਕ ਵਡਭਾਗਾ ਪਲ ਹੈ।
ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਇਤਿਹਾਸਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਅਤੇ ਸੋਸ਼ਲ ਮੀਡੀਆ ਮੰਚਾਂ ਉੱਤੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਨਫ਼ਰਤੀ ਪ੍ਰਾਪੇਗੰਡਾ ਰੋਕਣ ਲਈ ਮੰਗ ਪੱਤਰ ਸੌਂਪਿਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਭਾਰਤ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਪਰੰਤੂ ਕੁਝ ਸ਼ਰਾਰਤੀ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਸਿਧਾਂਤਾਂ, ਇਤਿਹਾਸ, ਮਰਯਾਦਾ ਅਤੇ ਪਛਾਣ ਆਦਿ ਨੂੰ ਲੈ ਕੇ ਸੋਸ਼ਲ ਮੀਡੀਆ ਮੰਚਾਂ ਉੱਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਬੀਤੇ ਸਮੇਂ ਵਿੱਚ ਹੋਏ ਜਨਰਲ ਇਜਲਾਸਾਂ ਦੌਰਾਨ ਮਤੇ ਪਾਸ ਕਰਕੇ ਵੀ ਭਾਰਤ ਅਤੇ ਸੂਬਾ ਸਰਕਾਰਾਂ ਨੂੰ ਭੇਜੇ ਗਏ ਹਨ ਪਰ ਸਿੱਖਾਂ ਖਿਲਾਫ ਨਫ਼ਰਤੀ ਵਰਤਾਰਾ ਲਗਾਤਾਰ ਜਾਰੀ ਹੈ। ਸਰਕਾਰਾਂ ਵੀ ਇਸ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ।
ਐਡਵੋਕੇਟ ਧਾਮੀ ਨੇ ਚੀਫ਼ ਜਸਟਿਸ ਤੋਂ ਮੰਗ ਕੀਤੀ ਕੇ ਉਹ ਭਾਰਤੀ ਨਿਆਂ ਪ੍ਰਣਾਲੀ ਦੇ ਸਭ ਤੋਂ ਸਿਖਰਲੇ ਅਹੁਦੇ ’ਤੇ ਹੁੰਦਿਆਂ ਇਸ ਸੰਜੀਦਾ ਮਸਲੇ ਦਾ ਨੋਟਿਸ ਲੈਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸੁਰਜੀਤ ਸਿੰਘ ਤੁਗਲਵਾਲਾ, ਸਕੱਤਰ ਸ. ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਸ. ਰਣਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login