ਨਿਊਯਾਰਕ 'ਚ ਪੁਲਿਸ ਨੇ ਪੰਜਾਬਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਇਨਕਾਰ ਕਰਨ 'ਤੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪ੍ਰਭਲੀਨ ਕੌਰ ਆਪਣੇ ਘਰ ਸਹਿਜ ਪਾਠ ਲਈ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਦਾ ਸਰੂਪ ਲੈ ਕੇ ਗਈ ਸੀ। ਜਦੋਂ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਾਪਸ ਗੁਰੂ ਘਰ ਲੈ ਕੇ ਜਾਣ ਲਈ ਪਹੁੰਚੇ ਤਾਂ ਪ੍ਰਭਲੀਨ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਮਨਾ ਕਰ ਦਿੱਤਾ ਸੀ।
ਪ੍ਰਭਲੀਨ ਕੋਰ (ਉਮਰ 37 ਸਾਲ) ਗਾਰਡਨ ਸਿਟੀ ਪਾਰਕ ਨਿਊਯਾਰਕ ਵਿੱਚ ਗੁਰੂ ਘਰ ਗਿਆਨਸਰ ਸਾਹਿਬ ਰਾਮਗੜ੍ਹੀਆ ਸਿੱਖ ਸੁਸਾਇਟੀ ਫਾਰ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਸਹਿਜ ਪਾਠ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਗਈ ਸੀ। ਪੁਲਿਸ ਨੇ ਪ੍ਰਭਲੀਨ ਕੋਰ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੈਰ-ਕਾਨੂੰਨੀ ਤੌਰ 'ਤੇ ਆਪਣੇ ਕਬਜ਼ੇ ਵਿੱਚ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਜਦੋਂ ਪੁਲਿਸ ਪ੍ਰਭਲੀਨ ਕੋਰ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੀ ਰਿਹਾਇਸ਼ 'ਤੇ ਪਹੁੰਚੀ ਤਾਂ ਉਸ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਐਮਰਜੈਂਸੀ ਸਰਵਿਸ ਯੂਨਿਟ ਨਿਊਯਾਰਕ ਦੇ ਅਫਸਰ ਉਸ ਦੇ ਘਰ ਵਿਚ ਦਾਖ਼ਲ ਹੋਏ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਦੇਣ ਤੋਂ ਸਿੱਧਾ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਦੇ ਵਜੋਂ ਸੈਂਕੜਿਆਂ ਦੀ ਗਿਣਤੀ ਵਿੱਚ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੇ ਉਸ ਦੇ ਘਰ ਦੇ ਬਾਹਰ ਦਿਨ-ਰਾਤ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ।
ਇਸ ਮਾਮਲੇ ਵਿੱਚ ਨਸਾਉ ਕਾਊਂਟੀ ਦੀ ਪੁਲਸ ਨੂੰ ਗੁਰਦੁਆਰਾ ਕਮੇਟੀ ਅਤੇ ਨਿਊਯਾਰਕ ਦੀਆਂ ਸੰਗਤਾਂ ਵੱਲੋਂ ਔਰਤ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਮਾਨਯੋਗ ਜੱਜ ਨੇ ਪੁਲਸ ਨੂੰ ਸਰਚ ਵਾਰੰਟ ਦੇ ਕੇ ਘਰ ਵਿੱਚ ਤਲਾਸ਼ੀ ਲੈਣ ਦੀ ਇਜਾਜ਼ਤ ਦਿੱਤੀ।
ਪੁਲਿਸ ਨੇ ਉਸ ਦੇ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਰਾਮਦ ਕੀਤਾ ਅਤੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਗੁਰੂ ਘਰ ਵਿੱਚ ਬਿਰਾਜਮਾਨ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੂੰ ਦਿਮਾਗੀ ਜਾਂਚ ਲਈ ਨੇੜਲੇ ਹਸਪਤਾਲ ਵੀ ਲਿਜਾਇਆ ਗਿਆ ਸੀ। ਉਸ 'ਤੇ ਚੌਥੇ ਦਰਜੇ ਦੀ ਵੱਡੀ ਚੋਰੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਆਉਂਦੇ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ, 99 ਮੈਨ ਸੈੱਟ,ਹੈਂਪਸਟੇਡ ਨਿਊਯਾਰਕ ਵਿੱਖੇ ਪੇਸ਼ ਕੀਤਾ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login