ਪੰਜਾਬ ਲੋਕ ਸਭਾ ਚੋਣਾਂ ਨਾਲ ਸਬੰਧਤ ਵੱਡੀ ਖ਼ਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਗੱਠਜੋੜ ਨਹੀਂ ਹੋਵੇਗਾ। ਇਸ ਦਾ ਐਲਾਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ 26 ਮਾਰਚ ਨੂੰ ਕੀਤਾ। ਪਿਛਲੇ ਕੁਝ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋ ਸਕਦਾ ਹੈ।
ਗਠਜੋੜ ਦੀਆਂ ਚਰਚਾਵਾਂ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੋ ਵਾਰ ਮੀਡੀਆ ਦੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਦੋਵੇਂ ਧਿਰਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ ਅਤੇ ਉਮੀਦ ਜਤਾਈ ਸੀ ਕਿ ਛੇਤੀ ਹੀ ਗੱਲਬਾਤ ਸਿਰ ਚੜ੍ਹ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ।
ਸੁਨੀਲ ਜਾਖੜ ਨੇ ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕਰਦਿਆਂ ਆਪਣੇ ਐਕਸ ਪੋਸਟ ਵਿੱਚ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਪੰਜਾਬ ਵਿਚ ਇਕੱਲੇ ਲੜਨ ਜਾ ਰਹੀ ਹੈ। ਵੀਡੀਓ ਵਿੱਚ ਜਾਖੜ ਨੇ ਕਿਹਾ, “ਇਹ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ, ਪਾਰਟੀ ਦੇ ਵਰਕਰਾਂ ਦੀ ਰਾਏ, ਵੱਖ-ਵੱਖ ਲੀਡਰ ਸਾਹਿਬਾਨ ਦੀ ਰਾਏ ਅਨੁਸਾਰ ਕੀਤਾ ਹੈ। ਪੰਜਾਬ ਦੇ ਭਵਿੱਖ, ਪੰਜਾਬ ਦੀ ਜਵਾਨੀ, ਪੰਜਾਬ ਦੇ ਵਪਾਰੀ ਤੇ ਸਨਅਤਕਾਰਾਂ ਅਤੇ ਪਿਛੜੇ ਵਰਗ ਦੀ ਬਿਹਤਰੀ ਅਤੇ ਉਜੱਵਲ ਭਵਿੱਖ ਵਾਸਤੇ ਇਹ ਫੈਸਲਾ ਲਿਆ ਗਿਆ ਹੈ। ਜੋ ਕੰਮ ਭਾਜਪਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਵਾਸਤੇ ਕੀਤੇ ਹਨ ਉਹ ਕੀਤੇ ਤੋਂ ਉਹਲੇ ਨਹੀਂ।”
BJP to contest the Lok Sabha elections alone in Punjab.
— Sunil Jakhar(Modi Ka Parivar) (@sunilkjakhar) March 26, 2024
ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਪੰਜਾਬ ਵਿਚ ਇੱਕਲੇ ਲੜਨ ਜਾ ਰਹੀ ਹੈ। pic.twitter.com/FbzfaePNj3
“ਕਿਸਾਨਾਂ ਦੀ ਫਸਲਾਂ ਦਾ ਇੱਕ-ਇੱਕ ਦਾਣਾ ਪਿਛਲੇ ਦਸ ਸਾਲ ਚੁੱਕਿਆ ਗਿਆ ਹੈ ਅਤੇ ਐੱਮਐੱਸਪੀ ਉੱਤੇ ਭੁਗਤਾਨ ਕਿਸਾਨਾਂ ਨੂੰ ਹਫ਼ਤੇ ਦੇ ਅੰਦਰ-ਅੰਦਰ ਉਨ੍ਹਾਂ ਦੇ ਖਾਤੇ ਵਿੱਚ ਪਹੁੰਚੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿਸ ਲਈ ਲੰਮੇ ਸਮੇਂ ਤੋਂ ਲੋਕ ਖੁੱਲ੍ਹ ਦਰਸ਼ਨ ਦਿਦਾਰਾਂ ਦੀ ਮੰਗ ਕਰਦੇ ਸਨ, ਉਹ ਕਾਰਜ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਵਿੱਚ ਹੋਇਆ ਹੈ”, ਜਾਖੜ ਨੇ ਅੱਗੇ ਕਿਹਾ।
ਜਾਖੜ ਦਾ ਕਹਿਣਾ ਹੈ ਕਿ ਅੱਗੇ ਵੀ ਪੰਜਾਬ ਦੇ ਸੁਨਹਿਰੇ ਅਤੇ ਸੁਰੱਖਿਅਤ ਭਵਿੱਖ ਅਤੇ ਸੂਬੇ ਦੀ ਸਰਹੱਦੀ ਅਮਨ ਸ਼ਾਂਤੀ ਨੂੰ ਮਜਬੂਤ ਕਰਨ ਦੇ ਮੱਦੇਨਜ਼ਰ ਭਾਜਪਾ ਵੱਲੋਂ ਇਹ ਫੈਸਲਾ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਦੇ ਲੋਕ ਆਉਣ ਵਾਲੀ 1 ਜੂਨ ਨੂੰ ਭਾਜਪਾ ਨੂੰ ਵੋਟ ਪਾਉਣਗੇ।
Shiromani Akali Dal is not just a political party driven by number games, unlike some national parties. We are a 103-year-old movement with a clear vision and we have always stood by and for principles. That will continue to be our goal. Shiromani Akali Dal core committee has… pic.twitter.com/aQIyndCbZf
— Sukhbir Singh Badal (@officeofssbadal) March 26, 2024
ਇਸ ਮਗਰੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਬਿਆਨ ਮੰਗਲਵਾਰ ਨੂੰ ਆਇਆ। ਬਾਦਲ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ। ਇੱਕ ਅਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਨੰਬਰਾਂ ਦੀ ਖੇਡ ਤੋਂ ਅਸੂਲ ਜ਼ਿਆਦਾ ਜ਼ਰੂਰੀ ਹਨ। 103 ਸਾਲਾਂ ਵਿੱਚ ਅਕਾਲੀ ਦਲ ਨੇ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ। ਕੌਮ ਅਤੇ ਪੰਜਾਬ ਦੀ ਰੱਖਿਆ, ਪੰਜਾਬੀਆਂ ਦੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਕਾਇਮ ਰੱਖਣਾ ਅਕਾਲੀ ਦਲ ਦੀ ਜਿੰਮੇਵਾਰੀ ਹੈ। ਸਾਡੇ ਵਾਸਤੇ ਅਸੂਲ ਹਨ। ਕੋਰ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਸਾਡੇ ਅਸੂਲ ਕੀ ਹਨ ਅਤੇ ਸਾਡੇ ਬਹੁਤ ਮਸਲੇ ਹਨ।”
“ਜਿੰਨੀਆਂ ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਹਨ ਉਹ ਕੇਵਲ ਵੋਟ ਦੀ ਰਾਜਨੀਤੀ ਕਰਦੀਆਂ ਹਨ ਅਤੇ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹਾਂ, ਸਾਡੇ ਵਾਸਤੇ ਪੰਜਾਬ ਹੈ। ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਕਿਸਾਨਾਂ ਦੇ ਲਈ ਲੜਦੀ ਰਹੀ ਹੈ, ਇਹ ਕਿਸਾਨਾਂ ਦੀ ਜਥੇਬੰਦੀ ਹੈ”, ਸੁਖਬੀਰ ਨੇ ਅੱਗੇ ਕਿਹਾ।
ਬੀਤੇ ਦਿਨੀਂ 22 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿਖੇ ਇਕੱਤਰਤਾ ਕਰਕੇ ਕੁਝ ਅਹਿਮ ਮਤੇ ਪਾਸ ਕੀਤੇ, ਜਿਨ੍ਹਾਂ ਵਿੱਚ ਸਪਸ਼ਟ ਕੀਤਾ ਗਿਆ ਕਿ ਜੇਕਰ ਭਾਜਪਾ ਉਨ੍ਹਾਂ ਨਾਲ ਗਠਜੋੜ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਕੇਂਦਰ ਸਰਕਾਰ ਲੰਮੇ ਸਮੇਂ ਤੋਂ ਚਲਦੇ ਆ ਰਹੇ ਮਸਲੇ ਹੱਲ ਕਰੇ।
ਸ਼੍ਰੋਮਣੀ ਅਕਾਲੀ ਦਲ ਦੇ ਮਤੇ ਵਿੱਚ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਉਨ੍ਹਾਂ ਦੀ ਰਿਹਾਈ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਸਮਰਥਨ, ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਵਰਗੇ ‘ਕਾਲੇ ਕਾਨੂੰਨਾਂ’ ਖਿਲਾਫ਼ ਅਵਾਜ਼, ਰਾਜਾਂ ਲਈ ਵੱਧ ਅਧਿਕਾਰ ਅਤੇ ਵਾਜਬ ਖੁਦਮੁਖਤਿਆਰੀ ਲਈ ਸੰਘਰਸ਼ ਗੱਲ, ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਣ ਦੀਆਂ ਸਾਜ਼ਸ਼ਾਂ ਦਾ ਵਿਰੋਧ ਅਤੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਦਾ ਵਿਰੋਧ, ਭਗਤ ਰਵੀਦਾਸ ਦੇ ਨਵੀਂ ਦਿੱਲੀ ਵਿੱਚ ਢਾਹੇ ਗਏ ਅਸਥਾਨ ਦੀ ਮੁੜ ਉਸਾਰੀ ਲਈ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਅਤੇ ਪੰਜਾਬ ਦੇ ਵਪਾਰ ਨੂੰ ਵਧਾਉਣ ਲਈ ਅਟਾਰੀ ਅਤੇ ਫਿਰੋਜ਼ਪੁਰ ਨਾਲ ਲਗਦੇ ਪਾਕਿਸਤਾਨ ਬਾਰਡਰ ਖੋਲ੍ਹਣ ਦੀ ਗੱਲ ਜਿਹੇ ਮਸਲੇ ਸ਼ਾਮਲ ਹਨ।
Comments
Start the conversation
Become a member of New India Abroad to start commenting.
Sign Up Now
Already have an account? Login