19 ਸਤੰਬਰ 1914 ਵਿੱਚ ਕਲਕੱਤਾ ਦੇ ਬਜ-ਬਜ ਘਾਟ ਉੱਤੇ ‘ਗੁਰੂ ਨਾਨਕ ਜਹਾਜ਼’(ਕਾਮਾਗਾਟਾ ਮਾਰੂ) ਨਾਲ ਵਾਪਰੀ ਘਟਨਾ ਦਾ ਜ਼ਿਕਰ ਸਾਰੀ ਦੁਨੀਆ ਵਿੱਚ ਕੀਤਾ ਜਾਂਦਾ ਹੈ ਪ੍ਰੰਤੂ ਇਸ ਘਟਨਾ ਦੇ ਇਤਿਹਾਸਿਕ ਪੱਖ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੀ ਸਾਜ਼ਸ਼ ਚੱਲੀ ਜਾ ਰਹੀ ਹੈ। ਬਾਬਾ ਗੁਰਦਿੱਤ ਸਿੰਘ ਜੀ ਵੱਲੋਂ ਕਾਮਾਗਾਟਾ ਨਾਮੀ ਜਪਾਨੀ ਕੰਪਨੀ ਪਾਸੋਂ ਛੇ ਮਹੀਨਿਆਂ ਲਈ ਕਿਰਾਏ ਉੱਤੇ ਲਏ ਗਏ ਜਹਾਜ਼ ਨੂੰ ਉਨ੍ਹਾਂ ਨੇ ‘ਗੁਰੂ ਨਾਨਕ ਜਹਾਜ਼’ ਦਾ ਨਾਮ ਦੇ ਕੇ ਹਾਂਗਕਾਗ ਤੋਂ ਰਵਾਨਾ ਕੀਤਾ ਸੀ। ਜਪਾਨੀ ਭਾਸ਼ਾ ਵਿੱਚ ਜਹਾਜ਼ ਨੂੰ ਮਾਰੂ ਕਿਹਾ ਜਾਂਦਾ ਹੈ, ਇਸ ਕਰਕੇ ਬਾਬਾ ਗੁਰਦਿੱਤ ਸਿੰਘ ਉਨ੍ਹਾਂ ਵੱਲੋਂ ਲਏ ਜਾਣ ਤੋਂ ਪਹਿਲਾਂ ਇਸ ਸਮੁੰਦਰੀ ਜਹਾਜ਼ ਦਾ ਨਾਮ ਕਾਮਾਗਾਟਾ ਮਾਰੂ ਸੀ। ਪਰੰਤੂ ਬਾਬਾ ਗੁਰਦਿੱਤ ਸਿੰਘ ਜੋ ਸਿੱਖੀ ਸਿਧਾਂਤ ਉੱਤੇ ਚੱਲਣ ਵਾਲੇ ਸਨ, ਉਨ੍ਹਾਂ ਨੇ ਇਸ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਦਿੱਤਾ,ਜਿਸ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
ਇਹ ਜਹਾਜ਼ ਯਾਤਰੀਆਂ ਸਮੇਤ ਕੈਨੇਡਾ ਦੀ ਬੰਦਰਗਾਹ ਉੱਤੇ ਪਹੁੰਚਿਆ ਪਰ ਉਸ ਸਮੇਂ ਦੀ ਗੋਰੀ ਕੈਨੇਡਾ ਸਰਕਾਰ ਦੇ ਪ੍ਰਵਾਸੀ ਵਿਰੋਧੀ ਕਾਲੇ ਕਾਨੂੰਨ ਤਹਿਤ ਇਹਨਾਂ ਨੂੰ ਉੱਥੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਇਹ ਜਹਾਜ਼ ਉਥੋਂ ਵਾਪਸ ਕਲਕੱਤਾ ਦੇ ਬਜ-ਬਜ ਘਾਟ ਵਿਖੇ ਪਹੁੰਚਿਆ। ਜਿੱਥੇ ਹਿੰਦੁਸਤਾਨ ਅੰਦਰ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਤੇ ਅੰਗਰੇਜ਼ ਸਰਕਾਰ ਨੇ ਇਹਨਾਂ ਯਾਤਰੀਆਂ ਦੇ ਨਾਲ ਇੱਕ ਵੱਡਾ ਵਿਤਕਰਾ ਕੀਤਾ, ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉੱਥੇ ਲੜਾਈ ਚੱਲੀ। ਜਹਾਜ਼ ਤੇ ਸਵਾਰ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਹਿਲਾਂ ਕਲਕੱਤਾ ਦੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰਨ ਦਾ ਫੈਸਲਾ ਕੀਤਾ ਪਰ ਅੰਗਰੇਜ਼ ਸਰਕਾਰ ਦੇ ਨਾਲ ਮੁਠਭੇੜ ਦੌਰਾਨ 19 ਸਿੱਖ ਸ਼ਹੀਦ ਹੋਏ ਅਤੇ ਅਨੇਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ।
18 ਮਈ 2016 ਵਿੱਚ ਕੈਨੇਡਾ ਦੀ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਘਟਨਾ ਦੀ ਪਾਰਲੀਮੈਂਟ ਵਿੱਚ ਮਾਫੀ ਵੀ ਮੰਗੀ ਗਈ ਜਿਹੜੀ ਕਿ ਇਤਿਹਾਸ ਦੇ ਵਿੱਚ ਦਰਜ ਹੈ। ਇਸ ਦੀ ਸਾਰੇ ਪਾਸੇ ਤੋਂ ਸ਼ਲਾਘਾ ਵੀ ਹੋਈ। ਪਰ ਅੱਜ ਸਮੇਂ ਦੀ ਵੱਡੀ ਲੋੜ ਹੈ ਸਾਡੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਇਸ ਘਟਨਾ ਨਾਲ ਸਬੰਧਤ ਜਹਾਜ਼ ਦਾ ਨਾਮ ਕਾਮਾਗਾਟਾ ਮਾਰੂ ਤੋਂ ਪਹਿਲਾਂ ਗੁਰੂ ਨਾਨਕ ਜਹਾਜ਼ ਹੀ ਪ੍ਰਚਲਿਤ ਕਰਨ। ਸਿੱਖ ਤੇ ਪੰਜਾਬੀ ਵਿਰਾਸਤ ਨਾਮ ਸਬੰਧਤ ਗੁਰੂ ਨਾਨਕ ਜਹਾਜ਼ ਦਾ ਨਾਮ ਇਤਿਹਾਸ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਅੱਜ ਲੋੜ ਹੈ ਕਿ ਇਸ ਵਡਮੁੱਲੇ ਇਤਿਹਾਸ ਨੂੰ ਅੱਗੇ ਲੈ ਕੇ ਆਇਆ ਜਾਵੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਕੀਤਾ ਗਿਆ।
ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਈ ਗੁਰਬਖਸ਼ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ, ਸ. ਧਰਮ ਸਿੰਘ ਵਾਲਾ ਦੀ ਅਗਵਾਈ ਵਿੱਚ ਇੱਕ ਵਫਦ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚਿਆ ਤੇ ਇੱਕ ਬੇਨਤੀ ਪੱਤਰ ਸੌਂਪਿਆ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਕਾਮਾਗਾਟਾ ਮਾਰੂ ਦੇ ਨਾਮ ਤੋਂ ਪਹਿਲਾਂ ‘ਗੁਰੂ ਨਾਨਕ ਜਹਾਜ਼’ ਦੀ ਗੱਲ ਇਤਿਹਾਸ ਦੇ ਅੰਦਰ ਦਰਜ ਹੋਣੀ, ਸਾਡੇ ਅਜਾਇਬ ਘਰਾਂ ਵਿੱਚ, ਕਿਸੇ ਨਾਟਕ ਜਾਂ ਫਿਲਮ ਅੰਦਰ ਇਸ ਨਾਮ ਦਾ ਜ਼ਿਕਰ ਹੋਣਾ ਜ਼ਰੂਰੀ ਹੈ।
ਅੱਜ ਵੱਡੀ ਗਿਣਤੀ ਵਿੱਚ ਕਰੀਬ ਡੇਢ ਦਰਜਨ ਕੈਨੇਡਾ ਦੀਆਂ ਸੰਸਥਾਵਾਂ ਅਤੇ ਉਥੋਂ ਦੇ ਰਾਜਨੀਤਿਕ ਆਗੂਆਂ ਵੱਲੋਂ ਮਤਾ ਪਾਸ ਕਰਕੇ ਜਿਹੜਾ ਬੇਨਤੀ ਪੱਤਰ ਭੇਜਿਆ ਗਿਆ ਉਹ ਵੀ ਗਿਆਨੀ ਰਘਵੀਰ ਸਿੰਘ ਜੀ ਦੇ ਨਾਮ ਉੱਤੇ ਸਕੱਤਰੇਤ ਵਿਖੇ ਸ. ਜਸਪਾਲ ਸਿੰਘ ਨੂੰ ਸੌਂਪਿਆ ਗਿਆ ਜਿਸ ਵਿੱਚ ਖਾਸ ਤੌਰ ਤੇ ਮੌਜੂਦਾ ਸਮੇਂ ਤਰਸੇਮ ਸਿੰਘ ਜੱਸੜ ਅਤੇ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਬਣਾਈ ਜਾ ਰਹੀ ਫਿਲਮ ਕਾਮਾਗਾਟਾ ਮਾਰੂ ਦੇ ਨਾਮ ਨੂੰ ਗੁਰੂ ਨਾਨਕ ਜਹਾਜ਼ ਰੱਖਣ ਲਈ ਬੇਨਤੀ ਕੀਤੀ ਗਈ ਹੈ। ਸੋ ਸਿੰਘ ਸਾਹਿਬ ਵੱਲੋਂ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਹ ਗੱਲ ਸਮਝੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਭਰ ਦੇ ਅਕਾਦਮਿਕ, ਧਾਰਮਿਕ ਅਤੇ ਸੱਭਿਆਚਾਰਕ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਖੇਤਰਾਂ ਵਿੱਚ ਗੁਰੂ ਨਾਨਕ ਜਹਾਜ਼ ਹੀ ਪ੍ਰਚਲਿਤ ਕੀਤੇ ਜਾਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login