ADVERTISEMENTs

ਤਾਜ਼ਾ ਭਾਰਤ-ਕੈਨੇਡਾ ਖਿਚਾਓ ਮਾਮਲੇ ਦੌਰਾਨ ਪੀਲ ਪੁਲਿਸ ਵੱਲੋਂ ਤਿੰਨ ਗ੍ਰਿਫ਼ਤਾਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਦੀ ਨਿੰਦਾ ਕਰਦਿਆਂ ਕੈਨੇਡਾ ਸਰਕਾਰ ਨੂੰ ਨਿਆਂ ਯਕੀਨੀ ਬਣਾਉਣ ਅਤੇ ਰਾਜ ਨੂੰ ਬਰਕਰਾਰ ਰੱਖਣ ਲਈ ਕਿਹਾ ਹੈ

ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਅਪਰਾਧਕ ਮਾਮਲਿਆਂ ਲਈ ਚਾਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ / Courtesy Social Media

ਐਤਵਾਰ ਨੂੰ ਬਰੈਪਟਨ ਦੇ ਹਿੰਦੂ ਸਭਾ ਮੰਦਿਰ ਦੇ ਬਾਹਰ ਹੋਈ ਹਿੰਸਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਤਿੰਨ ਲੋਕਾਂ 'ਤੇ ਦੋਸ਼ ਆਇਦ ਕੀਤੇ ਗਏ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿਚ ਖ਼ਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਅਤੇ ਭਾਰਤ ਦਾ ਝੰਡਾ ਫੜੇ ਕੁਝ ਵਿਅਕਤੀਆਂ ਵਿਚਕਾਰ ਝੜਪ ਹੁੰਦੀ ਨਜ਼ਰੀਂ ਪੈ ਰਹੀ ਹੈ।

ਪੀਲ ਰੀਜਨਲ ਪੁਲਿਸ ਨੇ ਆਪਣੇ X ਹੈਂਡਲ ‘ਤੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਅਪਰਾਧਕ ਮਾਮਲਿਆਂ ਲਈ ਚਾਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਲਿਖਿਆ ਕਿ ਅਪਰਾਧਕ ਗਤੀਵਿਧੀਆਂ ਦੀ ਜਾਂਚ ਜਾਰੀ ਹੈ।

 



ਬਰੈਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਐਤਵਾਰ ਦੁਪਹਿਰ ਨੂੰ X ‘ਤੇ ਇੱਕ ਪੋਸਟ ਵਿੱਚ ਇਸ ਹਿੰਸਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਮੇਅਰ ਬ੍ਰਾਊਨ ਨੇ ਕਿਹਾ, "ਮੈਂ ਹਿੰਦੂ ਸਭਾ ਦੇ ਬਾਹਰ ਹਿੰਸਾ ਦੀਆਂ ਕਾਰਵਾਈਆਂ ਬਾਰੇ ਸੁਣ ਕੇ ਨਿਰਾਸ਼ ਹਾਂ। ਧਾਰਮਿਕ ਆਜ਼ਾਦੀ ਕੈਨੇਡਾ ਦੇ ਬੁਨਿਆਦੀ ਮੁੱਲਾਂ ਵਿਚੋਂ ਹੈ। ਹਰ ਕਿਸੇ ਨੂੰ ਆਪਣੇ ਧਾਰਮਿਕ ਸਥਾਨ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ।"

ਐਤਵਾਰ ਸ਼ਾਮ ਨੂੰ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਵੀ ਇਸ ਘਟਨਾ ਨੂੰ ਅਸਵੀਕਾਰਨਯੋਗ ਆਖਿਆ। 

 



ਸੋਸ਼ਲ ਮੀਡੀਆ 'ਤੇ ਘਟਨਾ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਇੱਕ ਵੀਡੀਓ 'ਚ ਕੁਝ ਲੋਕ ਖੁਲੇਆਮ ਕਤਲ ਦੇ ਨਾਅਰੇ ਲਾ ਰਹੇ ਹਨ। ਇੱਕ ਨੌਜਵਾਨ ਦੂਜਿਆਂ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ। ਨੌਜਵਾਨ ਕਹਿ ਰਿਹਾ ਹੈ ਕਿ ਅਸੀਂ ਹਿੰਦੂ ਮੰਦਰ ਅਥਾਰਟੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ 500 ਹਥਿਆਰ/ਡੰਡੇ ਦੇਵੇ, ਅਸੀਂ ਹਿੰਦੂ ਉਨ੍ਹਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਲਵਾਂਗੇ।

 



ਮੰਦਿਰ ਵਿੱਚ ਹਿੰਸਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਨਿੰਦਾ


ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਸਾਡੇ ਡਿਪਲੋਮੈਟਾਂ ਨੂੰ ਡਰਾਉਣ ਦੀ ਕਾਇਰਤਾ ਭਰੀ ਕੋਸ਼ਿਸ਼ ਵੀ ਓਨੀ ਹੀ ਭਿਆਨਕ ਹੈ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੇ ਵੀ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।



ਕੈਨੇਡੀਅਨ ਸਿੱਖਾਂ ਵਿਰੁੱਧ ਹਿੰਸਾ ਦੇ ਦੋਸ਼ਾਂ ਨੂੰ ਲੈ ਕੇ ਕੈਨੇਡੀਅਨ ਅਤੇ ਭਾਰਤ ਸਰਕਾਰਾਂ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਹਨ। ਕੈਨੇਡਾ ਸਰਕਾਰ ਨੇ ਕੈਨੇਡਾ ਦੀ ਧਰਤੀ 'ਤੇ ਸਿੱਖ ਕਾਰਕੁਨਾਂ 'ਤੇ ਹੋਏ ਕਈ ਹਮਲਿਆਂ ਪਿੱਛੇ ਭਾਰਤ ਦੇ ਗ੍ਰਹਿ ਮੰਤਰੀ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਭਾਰਤ ਸਰਕਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਹੈ।

ਸਿੱਖਸ ਫਾਰ ਜਸਟਿਸ ਸਮੂਹ ਨੇ ਕਿਹਾ ਕਿ ਖ਼ਾਲਿਸਤਾਨੀ ਸਮਰਥਕ ਭਾਰਤੀ ਕਾਂਸੁਲੇਟ ਦੇ ਅਧਿਕਾਰੀਆਂ ਦੀ ਮੌਜੂਦਗੀ ਦਾ ਵਿਰੋਧ ਕਰ ਰਹੇ ਸਨ। ਇਹਨਾਂ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਬਜ਼ੁਰਗਾਂ ਦੀ ਪੈਨਸ਼ਨ ਸਬੰਧੀ ਕੰਮ ਲਈ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਆਉਣਾ ਸੀ।

ਓਧਰ ਸਿੱਖਸ ਫਾਰ ਜਸਟਿਸ ਨੇ ਹਿੰਦੂ ਰਾਸ਼ਟਰਵਾਦੀਆਂ ’ਤੇ ਲੜਾਈ ਸ਼ੁਰੂ ਕਰਨ ਦਾ ਦੋਸ਼ ਲਗਾਇਆ। ਸਮੂਹ ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀ ਧਾਰਮਿਕ ਸਥਾਨਾਂ ਦੇ ਅਜਿਹੇ ਦੌਰੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਮੁਖਬਰ ਲੱਭਣ ਵਾਸਤੇ ਕਰਦੇ ਹਨ। ਸਮੂਹ ਮੰਗ ਕਰ ਰਿਹਾ ਹੈ ਕਿ ਭਾਰਤੀ ਕੌਂਸਲਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੂਟਨੀਤਕ ਅਹਾਤੇ ਤੋਂ ਬਾਹਰ ਕੰਮ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਦੀ ਦਲੀਲ ਹੈ ਕਿ ਬਾਹਰੀ ਸਾਈਟ ਦੇ ਦੌਰੇ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਖ਼ਤਰੇ ਵਿੱਚ ਪਾਉਂਦੇ ਹਨ।

ਪਰ ਲਿਬਰਲ ਐਮਪੀ ਚੰਦਰ ਆਰੀਆ ਨੇ ਕੈਨੇਡੀਅਨ ਖ਼ਾਲਿਸਤਾਨੀ ਕੱਟੜਪੰਥੀਆਂ 'ਤੇ ਹਿੰਦੂਆਂ 'ਤੇ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਨੇਡਾ ਵਿੱਚ ਉਹਨਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ।

ਭਾਰਤ ਸਰਕਾਰ ਕੈਨੇਡਾ ‘ਤੇ ਖ਼ਾਲਿਸਤਾਨ-ਪੱਖੀ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦੀ ਰਹੀ ਹੈ ਅਤੇ ਕੈਨੇਡਾ ਕੋਲੋਂ ਹਵਾਲਗੀ ਦੀ ਮੰਗ ਕਰਦੀ ਰਹੀ ਹੈ, ਹਾਲਾਂਕਿ ਕੈਨੇਡੀਅਨ ਅਧਿਕਾਰੀਆਂ ਅਨੁਸਾਰ ਉਨ੍ਹਾਂ ਬੇਨਤੀਆਂ ਵਿਚ ਪੁਖ਼ਤਾ ਸਬੂਤਾਂ ਦੀ ਘਾਟ ਹੁੰਦੀ ਹੈ। ਇਹ ਤਣਾਅ ਓਨਟੇਰਿਓ ਤੱਕ ਸੀਮਤ ਨਹੀਂ ਹਨ।

ਲੰਘੇ ਸ਼ੁੱਕਰਵਾਰ, ਬੀਸੀ ਦੀ ਸੁਪਰੀਮ ਕੋਰਟ ਦੀ ਜੱਜ ਨੇ ਵੈਨਕੂਵਰ ਦੇ ਰੌਸ ਟ੍ਰੀਟ ਗੁਰਦੁਆਰੇ ਦੇ ਬਾਹਰ ਬਫ਼ਰ ਜ਼ੋਨ ਬਣਾਉਣ ਦਾ ਹੁਕਮ ਦਿੱਤਾ ਸੀ। ਗੁਰਦੁਆਰੇ ਵਿਚ ਕਾਂਸੁਲਰ ਕੈਂਪਾਂ ਦੇ ਵਿਰੁੱਧ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਤੋਂ ਆਦੇਸ਼ ਪ੍ਰਾਪਤ ਕਰਨ ਦੀ ਪਟੀਸ਼ਨ ਪਾਈ ਸੀ।

 

Comments

ADVERTISEMENT

 

 

 

ADVERTISEMENT

 

 

E Paper

 

Related