ਪੰਜਾਬ ਵਿੱਚ 1980 ਦੇ ਦਹਾਕੇ ਦੌਰਾਨ ਬਿਗੜੇ ਹਾਲਾਤ ਬਾਰੇ ਗੱਲ ਕਰਦਿਆਂ ਸੂਬੇ ਦਾ ਡੂੰਘਾਈ ਨਾਲ ਅਧਿਐਨ ਕਰਨ ਵਾਲੇ ਅਮਰੀਕੀ ਪ੍ਰੋਫੈਸਰ ਮਾਰਕ ਜੁਓਰਗੇਂਸਮੇਅਰ ਨੇ ਮੰਗਰਵਾਲ 5 ਮਾਰਚ ਨੂੰ ਕਿਹਾ ਕੇ ਉਸ ਸਮੇਂ ਭਿੰਡਰਾਂਵਾਲੇ ਸਮੇਤ ਹਰ ਕੋਈ ਖ਼ਾਲਿਸਤਾਨ ਨਹੀਂ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ‘ਬਗ਼ਾਵਤ ਧਾਰਮਿਕ ਰਾਸ਼ਟਰਵਾਦ’ ਦਾ ਹਿੱਸਾ ਹੋਵੇ, ਲੇਕਿਨ ਇਸ ਵਿੱਚ ਸ਼ਾਮਲ ਹਰ ਕੋਈ ਸਿੱਖਾਂ ਲਈ ਵੱਖਰਾ ਦੇਸ਼ ਨਹੀਂ ਚਾਹੁੰਦਾ ਸੀ।
ਸੈਂਟਾ ਬਾਰਬਰਾ ਵਿਖੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਪ੍ਰੋ. ਮਾਰਕ ਜੁਰਗੇਂਸਮੇਅਰ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਗਏ ‘ਪੰਜਾਬ ਦੀ ਸਿਆਸੀ ਆਰਥਿਕਤਾ ਅਤੇ ਸ਼ਾਸਨ’ ਬਾਰੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਗੱਲ ਕਰ ਰਹੇ ਸੀ।
ਦਮਦਮੀ ਟਕਸਾਲ ਦੇ ਉਸ ਸਮੇਂ ਮੁਖੀ ਰਹੇ (ਸੰਤ) ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜ਼ਿਕਰ ਕਰਦਿਆਂ ਪ੍ਰੋ. ਜੁਓਰਗੇਂਸਮੇਅਰ ਨੇ ਕਿਹਾ ਖ਼ਾਲਿਸਤਾਨ ਮੁਹਿੰਮ ਨਾਲ ਸਬੰਧਤ ਕਈ ਮੈਂਬਰਾਂ ਦੇ ਵਿੱਚ ਇਸ ਗੱਲ ਦਾ ਠੋਸ ਵਿਚਾਰ ਸੀ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਇਸੇ ਤਰ੍ਹਾਂ ਸਿੱਖਾਂ ਨੂੰ ਖ਼ਾਲਿਸਤਾਨ ਮਿਲਣਾ ਚਾਹੀਦਾ ਹੈ।
“ਪਰ ਉਸ ਬਗ਼ਾਵਤ ਵਿੱਚ ਸ਼ਾਮਲ ਹਰ ਕੋਈ ਸਮੇਤ ਭਿੰਡਰਾਂਵਾਲੇ ਇੱਕੋ ਜਿਹੇ ਵਿਚਾਰ ਦੇ ਨਹੀਂ ਸਨ। ਜਿਵੇਂ ਕਿ ਮਸ਼ਹੂਰ ਹੈ, ਭਿੰਡਰਾਂਵਾਲੇ ਨੇ ਖੁਦ ਇਹ ਗੱਲ ਕਹੀ ਸੀ ਕਿ ਉਹ ਨਾ ਤਾਂ ਖ਼ਾਲਿਸਤਾਨ ਦੇ ਹੱਕ ਵਿੱਚ ਹਨ ਅਤੇ ਨਾ ਵਿਰੋਧ ਵਿੱਚ। ਇਹ ਸਿੱਖਾਂ ਦੇ ਸਵੈਮਾਣ ਲਈ ਸੀ। ਸ਼ਮੂਲੀਅਤ ਕਰਨ ਵਾਲੇ ਸਾਰੇ ਖਾੜਕੂਆਂ ਦੇ ਮਨਾਂ ਵਿੱਚ ਖ਼ਾਲਿਸਤਾਨ ਦਾ ਵਿਚਾਰ ਨਹੀਂ ਸੀ। ਉਹ ਪੁਲਿਸ ਦੇ ਜਬਰ ਵਿਰੁੱਧ ਲੜ ਰਹੇ ਸਨ”, ਪ੍ਰੋ ਜੁਓਰਗੇਂਸਮੇਅਰ ਨੇ ਕਿਹਾ।
ਪ੍ਰੋ. ਜੁਓਰਗੇਂਸਮੇਅਰ ਅੰਤਰਰਾਸ਼ਟਰੀ ਸੈਮੀਨਾਰ ‘ਪੰਜਾਬ ਐਟ ਕਰਾਸਰੋਡਸ’ ਦੇ ਦੂਸਰੇ ਅਤੇ ਆਖਰੀ ਦਿਨ ਬੋਲ ਰਹੇ ਸਨ। ਇਸ ਮੌਕੇ ਕਈ ਇਤਿਹਾਸਕਾਰਾਂ ਅਤੇ ਸੀਨੀਅਰ ਪੱਤਰਕਾਰਾਂ ਨੇ ਵੀ ਵੱਖ-ਵੱਖ ਪੱਖਾਂ ਤੋਂ ਪੰਜਾਬ ਦੀ ਸਥਿਤੀ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਉਸ ਸਮੇਂ ਪੰਜਾਬ ਨੂੰ ਪੁਲਿਸ ਸੂਬੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਹਾਲਾਤ ਵਿੱਚ ਕੋਈ ਆਰਥਿਕ ਵਿਕਾਸ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਤ ਬਹੁਤ ਸਾਰੇ ਜ਼ਰੂਰੀ ਅਤੇ ਭਖਦੇ ਮਸਲਿਆਂ ਦਾ ਹੱਲ ਅੱਜ ਤੱਕ ਨਹੀਂ ਕੱਢਿਆ ਗਿਆ ਅਤੇ ਜਦੋਂ ਤੱਕ ਇਹ ਹੱਲ ਨਹੀਂ ਕੱਢੇ ਜਾਂਦੇ ਆਰਥਿਕ ਹੱਲ ਨਿਕਲਣਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਤ ਮਸਲਿਆਂ ਵਿੱਚ ਪਾਣੀ, ਭਾਸ਼ਾ, 1966 ਵਿੱਚ ਤਿੰਨ ਹਿੱਸਿਆ ਵਿੱਚ ਵੰਡਣਾ ਜਿਹੇ ਆਦਿ ਜ਼ਰੂਰੀ ਮਸਲੇ ਅੱਜ ਤੱਕ ਹੱਲ ਨਹੀਂ ਕੀਤੇ ਗਏ।
ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਆਏ ਖਾੜਕੂਵਾਦ ਅਤੇ 1984 ਅਤੇ ਇਸ ਤੋਂ ਬਾਅਦ ਦੇ ਹਾਲਾਤ ਨੂੰ ਸਮਝਣ ਲਈ ਕੋਈ ਠੋਸ ਯਤਨ ਨਹੀਂ ਹੋਏ ਅਤੇ ਨਾ ਹੀ ਕੋਈ ਕਮਿਸ਼ਨ ਬਣਾਇਆ ਗਿਆ ਅਤੇ ਨਾ ਹੀ ਇਸ ਦਾ ਅੱਜ ਤੱਕ ਕੋਈ ਨਤੀਜਾ ਕੱਢਿਆ ਗਿਆ। ਇਸ ਮੌਕੇ ਕਾਂਗਰਸ ਦੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ, ਐੱਚਐੱਸ ਹੰਸਪਾਲ, ਪ੍ਰੋ. ਅਤੁਲ ਸੂਦ, ਪ੍ਰੋ. ਸਲਿਲ ਮਿਸ਼ਰਾ, ਪ੍ਰੋ. ਪਿਨਾਕੀ ਚਕਰਵਰਤੀ ਅਤੇ ਹੋਰ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਰੱਖੇ।
Comments
Start the conversation
Become a member of New India Abroad to start commenting.
Sign Up Now
Already have an account? Login