ਰਾਜਸਥਾਨ ਹਾਈ ਕੋਰਟ ਜੋਧਪੁਰ ਵੱਲੋਂ ਅੱਜ 23 ਜੂਨ ਨੂੰ ਜੋਧਪੁਰ ਦੇ ਇੱਕ ਕੇਂਦਰ ਵਿਖੇ ਕਰਵਾਏ ਗਏ ਰਾਜਸਥਾਨ ਜੁਡੀਸ਼ੀਅਲ ਮੁਕਾਬਲਾ ਪ੍ਰੀਖਿਆ ਲਈ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਉਤਾਰਣ ਲਈ ਆਖਣ ਅਤੇ ਪ੍ਰੀਖਿਆ ਵਿੱਚ ਦਾਖਲਾ ਨਾ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਸਮੇਤ ਜੁਡੀਸ਼ੀਅਲ ਪ੍ਰੀਖਿਆ ਵਿੱਚੋਂ ਰੋਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਇਸ ਆਪਹੁਦਰੀ ਹਰਕਤ ਨਾਲ ਇੱਕ ਬੱਚੀ ਦਾ ਭਵਿੱਖ ਦਾਅ ’ਤੇ ਲੱਗਿਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸ਼ਰੀਰ ਨਾਲੋਂ ਪੰਜ ਸਿੱਖ ਕਕਾਰ ਵੱਖ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਸਿੱਖ ਉਮੀਦਵਾਰਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਧਾਰੀ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਕਾਰ ਉਤਾਰਣ ਲਈ ਆਖਿਆ ਜਾਂਦਾ ਹੈ ਅਤੇ ਵਿਰੋਧ ਕਰਨ ਉੱਤੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਦਾਖਲਾ ਨਹੀਂ ਦਿੱਤਾ ਜਾਂਦਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਵਰਤਾਰੇ ਨੂੰ ਆਪਣੇ ਹੀ ਦੇਸ਼ ਭਾਰਤ ਅੰਦਰ ਸਿੱਖਾਂ ਨਾਲ ਵੱਡਾ ਵਿਤਕਰਾ ਕਰਾਰ ਦਿੰਦਿਆਂ ਗੁਰਸਿੱਖ ਲੜਕੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਪੀੜਤ ਗੁਰਸਿੱਖ ਬੱਚੀ ਦੇ ਨਾਲ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਉਮੀਦਵਾਰਾਂ ਨਾਲ ਕੀਤਾ ਜਾਂਦਾ ਇਹ ਵਿਤਕਰਾ ਵਖਰੇਵਾਂ ਉਨ੍ਹਾਂ ਦੀ ਮਾਨਸਿਕਤਾ ਨੂੰ ਸੱਟ ਮਾਰਦਾ ਹੈ, ਕਿਉਂਕਿ ਪੇਪਰ ਤੋਂ ਪਹਿਲਾਂ ਉਮੀਦਵਾਰਾਂ ਨਾਲ ਅਜਿਹੇ ਅਪਰਾਧਿਕ ਵਿਹਾਰ ਕਰਕੇ ਪੇਪਰ ਵਿੱਚ ਕਾਰਗੁਜ਼ਾਰੀ ਉੱਤੇ ਗਹਿਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਦਾ ਹਿੱਸਾ ਹੈ ਅਤੇ ਇਹ ਸਿੱਖ ਪਛਾਣ, ਮੌਲਿਕ ਅਧਿਕਾਰਾਂ ਦੀ ਤਰਜਮਾਨ ਵੀ ਹੈ, ਫਿਰ ਵੀ ਸਿੱਖਾਂ ਨਾਲ ਨਫ਼ਰਤੀ ਵਿਹਾਰ ਕਰਨਾ ਅਤਿ ਨਿੰਦਣਯੋਗ ਹੈ।
ਐਡੋਵੇਕਟ ਧਾਮੀ ਨੇ ਰਾਸਜਥਾਨ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ ਸ਼ਰਮਾ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਿੱਖ ਬੱਚੀ ਨੂੰ ਜੁਡੀਸ਼ੀਅਲ ਪੇਪਰ ਵਿੱਚ ਦਾਖਲੇ ਤੋਂ ਰੋਕਣ ਵਾਲੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ। ਉਨ੍ਹਾਂ ਮੁੱਖ ਮੰਤਰੀ ਤੋਂ ਇਹ ਵੀ ਮੰਗ ਕੀਤੀ ਕਿ ਰਾਜਸਥਾਨ ਜੁਡੀਸ਼ੀਅਲ ਸੇਵਾਵਾਂ ਦੇ ਮੁਕਾਬਲਾ ਪ੍ਰੀਖਿਆ ਦੀ ਸਿੱਖ ਉਮੀਦਵਾਰ ਐਡਵੋਕੇਟ ਅਰਮਨਜੋਤ ਕੌਰ ਲਈ 23 ਜੂਨ 2024 ਨੂੰ ਹੋਇਆ ਪੇਪਰ ਦਿਵਾਉਣ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।
ਕੀ ਹੈ ਮਾਮਲਾ?
ਜੋਧਪੁਰ ਵਿਖੇ ਅੱਜ ਹੋਏ ਰਾਜਸਥਾਨ ਜੁਡੀਸ਼ੀਅਲ ਸੇਵਾਵਾਂ ਦੇ ਮੁਕਾਬਲ ਪੇਪਰ ਵਿੱਚ ਜਲੰਧਰ ਨਿਵਾਸੀ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਪਹਿਨ ਕੇ ਪ੍ਰੀਖਿਆ ਕੇਂਦਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਸਿੱਖ ਬੱਚੀ ਦੇ ਪਿਤਾ ਸ. ਬਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਬੇਟੀ ਜਸਥਾਨ ਜੁਡੀਸ਼ੀਅਲ ਸੇਵਾਵਾਂ ਲਈ ਮੁਕਾਬਲਾ ਪ੍ਰੀਖਿਆ ਦੇਣ ਲਈ ਅੱਜ ਜੋਧਪੁਰ ਗਈ ਸੀ, ਜਿੱਥੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਨੇ ਉਸ ਨੂੰ ਪੇਪਰ ਵਿੱਚ ਦਾਖਲੇ ਲਈ ਕਿਰਪਾਨ ਉਤਾਰਨ ਲਈ ਕਿਹਾ। ਲੇਕਿਨ ਸਿੱਖ ਬੱਚੀ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਕਿਰਪਾਨ ਨਹੀਂ ਉਤਾਰੀ ਤਾਂ ਉਸ ਨੂੰ ਪ੍ਰੀਖਿਆ ਦੇਣ ਦੇ ਮੌਕੇ ਤੋਂ ਵਾਂਝੇ ਰੱਖਿਆ ਗਿਆ। ਸ. ਬਲਜੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਜੋਧਪੁਰ ਵਿਖੇ ਰਾਜਸਥਾਨ ਦੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਈ ਗਈ ਹੈ ਅਤੇ ਨਿਆਂ ਲਈ ਕਨੂੰਨੀ ਲੜਾਈ ਲੜੀ ਜਾਵੇਗੀ। ਸ. ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨਾਲ ਇਨਸਾਫ ਹੋਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨਾਲ ਅਜਿਹਾ ਵਿਤਕਰਾ ਨਾ ਹੋਵੇ। ਐਡਵੋਕੇਟ ਅਰਮਨਜੋਤ ਕੌਰ ਮੌਜੂਦਾ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਸੀਨੀਅਰ ਐਡਵੋਕੇਟ ਦੇ ਕੋਲ ਵਕਾਲਤ ਦਾ ਅਭਿਆਸ ਕਰ ਰਹੀ ਹੈ ਅਤੇ ਉਹ ਦੇਸ਼ ਅੰਦਰ ਜੁਡੀਸ਼ਰੀ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਦੀ ਤਾਂਘ ਰੱਖਦੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login