ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਭਾਈ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਪੁਰਾਤਨ ਦਰਵਾਜ਼ਿਆਂ ਨੂੰ ਜੋੜਦੇ ਮਾਰਗ ’ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਵੱਖ-ਵੱਖ ਥਾਵਾਂ ’ਤੇ ਸਭਾ-ਸੁਸਾਇਟੀਆਂ ਅਤੇ ਸੰਗਤਾਂ ਨੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸ਼ਰਧਾ ਪ੍ਰਗਟਾਈ, ਉਥੇ ਹੀ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਸਾਰੇ ਰਸਤੇ ਨਗਰ ਕੀਰਤਨ ਨਾਲ ਚੱਲਦੀਆਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਚੌਥੇ ਪਾਤਸ਼ਾਹ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰ ਰਹੀਆਂ ਸਨ। ਨਗਰ ਕੀਰਤਨ ਮੌਕੇ ਘੰਟਾ ਘਰ ਪਲਾਜ਼ਾ ਵਿਖੇ ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕਰਦਿਆਂ ਸਲਾਮੀ ਦਿੱਤੀ ਗਈ।
ਨਗਰ ਕੀਰਤਨ ’ਚ ਸ਼ਾਮਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਸੰਗਤ ਨੂੰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਅਤੇ ਗੁਰਮਤਿ ਰਹਿਣੀ ਦੇ ਧਾਰਨੀ ਹੋਣਾ ਹਰ ਸਿੱਖ ਦਾ ਮੁੱਢਲਾ ਫ਼ਰਜ਼ ਹੈ।
ਨਗਰ ਕੀਰਤਨ ਦੌਰਾਨ ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਤੇ ਸੰਗਤਾਂ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਲਦੇਵ ਸਿੰਘ ਕਲਿਆਣ, ਸ. ਗੁਰਮੀਤ ਸਿੰਘ ਬੂਹ, ਸ. ਅਮਰੀਕ ਸਿੰਘ ਵਿਛੋਆ, ਸ. ਜਗਸੀਰ ਸਿੰਘ ਮਾਂਗੇਆਣਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਆਦਿ ਹਾਜ਼ਰ ਸਨ।
ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਐਡਵੋਕੇਟ ਧਾਮੀ ਨੇ ਸੰਗਤ ਨੂੰ ਦਿੱਤੀ ਵਧਾਈ
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਾਸ਼ ਗੁਰਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦ ਗੁਣਾਂ ਨਾਲ ਭਰਪੂਰ ਹੈ। ਗੁਰੂ ਸਾਹਿਬ ਵੱਲੋਂ ਸੱਚੇ ਸਿਦਕ ਨਾਲ ਨਿਭਾਈ ਨਿਸ਼ਕਾਮ ਸੇਵਾ ਵਰਗੀ ਦੁਨੀਆਂ ਦੇ ਇਤਿਹਾਸ ਅੰਦਰ ਕਿਧਰੇ ਹੋਰ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਕਾਰਜ ਕੀਤੇ ਅਤੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ ’ਤੇ ਅਗਵਾਈ ਤੇ ਪ੍ਰੇਰਣਾ ਦਿੱਤੀ।
ਉਨ੍ਹਾਂ ਸਿੱਖ ਜਗਤ ਨੂੰ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ-ਪੰਥ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login