ਸ਼੍ਰੋਮਣੀ ਕਮੇਟੀ ਦੇ ਲੰਘੇ ਜਨਰਲ ਇਜਲਾਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜਦੇ ਮਸਲਿਆਂ ਸਬੰਧੀ ਗਠਤ ਕੀਤੇ ਗਏ 11 ਮੈਂਬਰੀ ਸਲਾਹਕਾਰ ਬੋਰਡ ਬਾਰੇ ਸਪੱਸ਼ਟ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ’ਤੇ ਜਾਣਬੁਝ ਕੇ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ, ਜਦਕਿ ਇਸ ਬੋਰਡ ਦਾ ਮੰਤਵ ਪਿਛਲੇ ਸਮੇਂ ਤੋਂ ਲਗਾਤਾਰ ਚਲਦੀ ਆ ਰਹੀ ਧਾਰਮਿਕ ਸਲਾਹਕਾਰ ਕਮੇਟੀ ਦਾ ਵਿਸਥਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਸਿੱਖ ਵਿਦਵਾਨਾਂ ਦੀ ਰਾਏ ਨਾਲ ਇਸ ਮਤੇ ਵਿਚ ਵਿਸਥਾਰ ਦੇ ਦਿੱਤਾ ਹੈ, ਤਾਂ ਕਿ ਕੋਈ ਦੁਬਿਧਾ ਨਾ ਰਹੇ। ਉਨ੍ਹਾਂ ਮਤੇ ਦੇ ਹਵਾਲੇ ਨਾਲ ਦੱਸਿਆ ਕਿ ਸਮੇਂ-ਸਮੇਂ ‘ਤੇ ਦੇਸ਼ ਵਿਦੇਸ਼ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਈ ਧਾਰਮਿਕ ਸਵਾਲ ਆਉਂਦੇ ਹਨ ਅਤੇ ਇਹ ਬੋਰਡ ਗੁਰਮਤਿ ਅਤੇ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿਚ ਇਨ੍ਹਾਂ ਦਾ ਨਿਵਾਰਨ ਕਰੇਗਾ। ਸਲਾਹਕਾਰ ਬੋਰਡ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰੇਗਾ। ਜਿਹੜੇ ਛੋਟੇ ਅਤੇ ਆਮ ਕਿਸਮ ਦੇ ਮਸਲੇ ਜੋ ਮੁੜ-ਮੁੜ ਦੁਹਰਾਏ ਜਾਂਦੇ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਉਹ ਇਸ ਸਲਾਹਕਾਰ ਬੋਰਡ ਪਾਸ ਸਪੱਸ਼ਟਤਾ ਲਈ ਭੇਜੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮਤੇ ਅਨੁਸਾਰ ਪੁਰਾਤਨ ਪ੍ਰੰਪਰਾ ਮੁਤਾਬਿਕ ਕੋਈ ਵੀ ਮਸਲਾ ਫਰਿਆਦ ਜਾਂ ਸਥਾਨਕ ਗੁਰਸੰਗਤ ਦੇ ਫੈਸਲਿਆਂ ਦੀ ਅਪੀਲ ਦੀ ਸੁਣਵਾਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਧੇ ਤੌਰ ’ਤੇ ਹੀ ਹੋਵੇਗੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰ ਨਾਮਜ਼ਦ ਕਰਨ ਦੇ ਅਧਿਕਾਰਾਂ ਸਬੰਧੀ ਵਾਵੇਲਾ ਵੀ ਤਰਕਸੰਗਤ ਨਹੀਂ ਹੈ, ਕਿਉਂਕਿ ਇਸ ਬੋਰਡ ਵਿਚ ਕੇਵਲ ਵਿਦਵਾਨ ਹੀ ਸ਼ਾਮਲ ਕੀਤੇ ਜਾਣੇ ਹਨ ਅਤੇ ਵਿਦਵਾਨ ਸਭ ਦੇ ਸਾਂਝੇ ਹੁੰਦੇ ਹਨ ਨਾ ਕਿ ਕਿਸੇ ਇਕ ਧਿਰ ਦੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਚੱਲ ਰਹੀ ਪੰਜ ਮੈਂਬਰੀ ਸਲਾਹਕਾਰ ਕਮੇਟੀ ਵਿਚ ਸ਼ਾਮਲ ਦੋ ਮੈਂਬਰ ਅਕਸਰ ਹੀ ਵਿਦੇਸ਼ ਰਹਿੰਦੇ ਹਨ, ਜਿਸ ਕਾਰਨ ਮੀਟਿੰਗਾਂ ਵਿਚ ਦਿਕਤ ਆਉਂਦੀ ਹੈ ਅਤੇ ਹੁਣ 11 ਮੈਂਬਰ ਸ਼ਾਮਲ ਹੋਣ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 11 ਮੈਂਬਰਾਂ ਦੀ ਨਾਮਜ਼ਦਗੀ ਵੀ ਸਿੰਘ ਸਾਹਿਬਾਨ ਦੀ ਰਾਏ ਮਸ਼ਵਰੇ ਨਾਲ ਹੀ ਹੋਵੇਗੀ ਅਤੇ ਇਸ ਬੋਰਡ ਨੂੰ ਵਿਚਾਰਨ ਵਾਸਤੇ ਮਾਮਲੇ ਵੀ ਜਥੇਦਾਰ ਸਾਹਿਬ ਵੱਲੋਂ ਹੀ ਭੇਜੇ ਜਾਣਗੇ। ਕੋਈ ਵੀ ਮਾਮਲਾ ਇਨ੍ਹਾਂ ਪਾਸ ਸਿੱਧੇ ਤੌਰ ’ਤੇ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਅਤੇ ਅਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਹਨ, ਜਿਸ ਵਿਚ ਕਿਸੇ ਕਿਸਮ ਦਾ ਕੋਈ ਵੀ ਦਖ਼ਲ ਨਹੀਂ ਦੇ ਸਕਦਾ। ਸ਼੍ਰੋਮਣੀ ਕਮੇਟੀ ਵੀ ਇਸ ਦੀ ਪ੍ਰਭੂਸਤਾ ਸੰਪੰਨ ਹਸਤੀ ਨੂੰ ਬਰਕਰਾਰ ਰੱਖਣ ਲਈ ਪਾਬੰਦ ਹੈ।
ਇਸ ਮੌਕੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਧਾਰਮਿਕ ਸਲਾਹਕਾਰ ਕਮੇਟੀ ਲਗਭਗ 1990 ਤੋਂ ਚਲਦੀ ਆ ਰਹੀ ਹੈ ਅਤੇ ਉਹ ਬੀਤੇ ਲੰਮੇ ਸਮੇਂ ਤੋਂ ਇਸ ਦੇ ਮੈਂਬਰ ਹਨ। ਇਸ ਕਮੇਟੀ ਦੀ ਕਾਰਜਸ਼ਾਲੀ ਕਦੇ ਵੀ ਜਥੇਦਾਰ ਸਾਹਿਬਾਨ ਦੇ ਫੈਸਲਿਆਂ ਵਿਚ ਦਖ਼ਲ ਦੇਣ ਵਾਲੀ ਨਹੀਂ ਰਹੀ, ਸਗੋਂ ਮਾਮਲਿਆਂ ਦੇ ਹੱਲ ਵਿਚ ਸਪੱਸ਼ਟਤਾ ਲਈ ਕੰਮ ਕਰਦੀ ਹੈ। ਡਾ. ਗੋਗੋਆਣੀ ਨੇ ਦੱਸਿਆ ਕਿ ਅਜਿਹੀਆਂ ਕਮੇਟੀਆਂ ਅਕਸਰ ਹੀ ਬਣਦੀਆਂ ਰਹਿੰਦੀਆਂ ਹਨ। ਪੁਸਤਕ ਖੋਖ ਬਾਰੇ ਕਮੇਟੀ ਬਣੀ ਹੋਈ ਹੈ ਅਤੇ ਧਾਰਮਿਕ ਪੜਤਾਲਾਂ ਅਤੇ ਪੁੱਛਾਂ ਦਾ ਵਿਭਾਗ ਵੀ ਕਾਰਜਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਵਿਸ਼ਵ ਭਰ ਵਿਚ ਸਿੱਖ ਫੈਲੇ ਹੋਏ ਹਨ ਅਤੇ ਮਸਲਿਆਂ ਦੀ ਬਹੁਤਾਤ ਨੂੰ ਵੇਖਦਿਆਂ ਅਜਿਹੇ ਸਲਾਹਕਾਰ ਦੀ ਬੋਰਡ ਦੀ ਸਥਾਪਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ, ਡਾ. ਸੂਬਾ ਸਿੰਘ, ਪ੍ਰਿੰਸੀਪਲ ਮਨਜੀਤ ਕੌਰ, ਸਕੱਤਰ ਸ. ਪ੍ਰਤਾਪ ਸਿੰਘ, ਸ. ਸਤਬੀਰ ਸਿੰਘ ਧਾਮੀ, ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਪ੍ਰੀਤਪਾਲ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਡੰਟ ਸ. ਨਿਸ਼ਾਨ ਸਿੰਘ ਆਦਿ ਮੌਜੂਦ ਸਨ।
Comments
Start the conversation
Become a member of New India Abroad to start commenting.
Sign Up Now
Already have an account? Login