ਫਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ ਹੋਈ ਹੈ। ਇਸ ਤੋਂ ਪਹਿਲਾਂ ਵੀ ਸਿਫਤ ਕੌਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੇ ਦਮ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਉਸ ਦੀ ਚੋਣ ਦੀ ਖਬਰ ਨਾਲ ਪਰਿਵਾਰ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਡਾਕਟਰ ਬਣਨ ਦਾ ਸੁਪਨਾ ਦੇਖਣ ਵਾਲੀ ਸਿਫਤ ਕੌਰ ਨੇ ਸਕੂਲ ਪੜ੍ਹਦਿਆਂ ਹੀ ਸ਼ੌਕ ਵਜੋਂ ਰਾਈਫਲ ਸ਼ੂਟਿੰਗ ਸ਼ੁਰੂ ਕਰ ਦਿੱਤੀ। ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਿਆਂ ਸਿਫਤ ਕੌਰ ਨੇ ਆਪਣੇ ਅਧਿਆਪਕ ਦੀ ਸਲਾਹ ਨਾਲ ਸਕੂਲ ਵਿੱਚ ਹੀ ਸ਼ੂਟਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ।
ਹਾਲਾਂਕਿ, ਬਾਅਦ ਵਿੱਚ ਅਜਿਹਾ ਸ਼ੌਕ ਪੈਦਾ ਹੋਇਆ ਕਿ ਇਹ ਹੌਲੀ-ਹੌਲੀ ਜਨੂੰਨ ਵਿੱਚ ਬਦਲ ਗਿਆ। ਇਸ ਤੋਂ ਬਾਅਦ ਸਿਫਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜ ਅਤੇ ਰਾਸ਼ਟਰੀ ਪੱਧਰ 'ਤੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਸਿਫਤ ਕੌਰ ਦੀ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਚੋਣ ਹੋਈ।
2021 ਵਿੱਚ NEET ਤੋਂ ਬਾਅਦ, ਸਿਫਤ ਕੌਰ ਨੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ। ਸ਼ੂਟਿੰਗ ਕਾਰਨ ਸਿਫਤ ਕੌਰ ਨੂੰ ਆਪਣੀ ਡਾਕਟਰੀ ਦੀ ਪੜ੍ਹਾਈ ਛੱਡਣੀ ਪਈ। ਵੱਖ-ਵੱਖ ਟੂਰਨਾਮੈਂਟਾਂ ਵਿਚ ਭਾਗ ਲੈਣ ਕਾਰਨ ਸਿਫ਼ਤ ਨੂੰ ਦੇਸ਼-ਵਿਦੇਸ਼ ਵਿਚ ਘੁੰਮਣਾ ਪਿਆ। ਇਸ ਨਾਲ ਉਸ ਦੀ ਕਾਲਜ ਹਾਜ਼ਰੀ ਪ੍ਰਭਾਵਿਤ ਹੋਈ।
ਬਾਬਾ ਫਰੀਦ ਯੂਨੀਵਰਸਿਟੀ ਨੇ ਪਿਛਲੇ ਸਾਲ ਸਿਫਤ ਨੂੰ ਐਮਬੀਬੀਐਸ ਪਹਿਲੇ ਸਾਲ ਦੀ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਕੇ ਖੇਡਾਂ ਨੂੰ ਚੁਣਿਆ।
ਸਿਫਤ ਕੌਰ ਦੇ ਪਿਤਾ ਕਿਸਾਨ ਹਨ। ਪਰ ਉਸਦੇ ਚਾਰ ਪੰਜ ਚਚੇਰੇ ਭਰਾ ਡਾਕਟਰ ਹਨ। ਸਿਫਤ ਕੌਰ ਨੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਛੱਡ ਕੇ ਸ਼ੂਟਿੰਗ ਦਾ ਕੰਮ ਲਿਆ ਅਤੇ ਅੱਜ ਦੁਨੀਆ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਨਿਊ ਇੰਡੀਆ ਅਬਰੋਡ ਨਾਲ ਗੱਲ ਕਰਦਿਆਂ ਸਿਫਤ ਕੌਰ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੋ ਰਹੀ ਹੈ ਪੈਰਿਸ ਓਲੰਪਿਕ ਲਈ ਉਸਦੀ ਚੋਣ ਹੋਈ ਹੈ। ਉਸਦੇ ਮਾਤਾ ਪਿਤਾ ਦੇ ਭਰਪੂਰ ਸਹਿਯੋਗ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ ਹੈ। ਇਹ ਕਾਫੀ ਮਿਹਨਤ ਵਾਲੀ ਖੇਡ ਹੈ ਪਰ ਜਦੋਂ ਤੁਹਾਨੂੰ ਮੌਕੇ ਮਿਲਦੇ ਹਨ ਤਾਂ ਮਿਹਨਤ ਰੰਗ ਲਿਆਉਂਦੀ ਹੈ।
ਉਨ੍ਹਾਂ ਕਿਹਾ ਕਿ ਰੋਜ਼ ਦੀ ਟ੍ਰੇਨਿੰਗ ਅਤੇ ਸਖਤ ਮਿਹਨਤ ਨਾਲ ਹੀ ਮੁਕਾਮ ਹਾਸਿਲ ਹੁੰਦੇ ਹਨ। ਜੇ ਤੁਸੀਂ ਮਿਹਨਤ ਕਰੋਗੇ ਤਾਂ ਸਭ ਕੁਝ ਹਾਸਿਲ ਹੋ ਜਾਂਦਾ ਹੈ।
ਦੱਸ ਦਈਏ ਕਿ ਸਿਫਤ ਕੌਰ ਪਹਿਲਾਂ ਵੀ ਏਸ਼ੀਅਨ ਖੇਡਾਂ 'ਚ ਸੋਨ ਤਮਗਾ ਅਤੇ ਚਾਂਦੀ ਦਾ ਤਮਗਾ ਜਿੱਤ ਕੇ ਵਰਲਡ ਰਿਕਾਰਡ ਬਣਾ ਚੁੱਕੀ ਹੈ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰ ਚੁੱਕੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login