ADVERTISEMENTs

ਹੋਲਾ ਮਹੱਲਾ: ਜਥੇਦਾਰ ਅਕਾਲ ਤਖ਼ਤ ਨੇ ਨੌਜਵਾਨਾਂ, ਗੁਰਦੁਆਰਾ ਕਮੇਟੀਆਂ ਨੂੰ ਵਿਸ਼ੇਸ਼ ਅਪੀਲ

ਸਿੱਖ ਨੌਜਵਾਨਾਂ ਨੂੰ ਮੋਟਰਸਾਈਕਲਾਂ, ਟਰੈਕਟਰਾਂ ਅਤੇ ਕਾਰਾਂ ਦੀ ਸਟੰਟਬਾਜ਼ੀ ਕਰਨ ਤੋਂ ਗੁਰੇਜ਼ ਕਰਨ ਤੇ ਸ਼ਰਧਾ-ਭਾਵਨੀ ਨਾਲ ਆਉਣ ਦੀ ਤਾਕੀਦ ਕਰਦਿਆਂ ਪਿੰਡਾਂ-ਨਗਰਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਾਹਿਬਾਨ ਨੂੰ ਵੀ ਇਸ ਸਬੰਧ ਵਿਚ ਅਨਾਊਂਸਮੈਂਟਾਂ ਕਰਨ ਲਈ ਆਖਿਆ ਹੈ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਭੇਜਣ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ / ਸਕੱਤਰੇਤ ਅਕਾਲ ਤਖ਼ਤ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 21 ਮਾਰਚ ਤੋਂ 26 ਮਾਰਚ ਤੱਕ ਖ਼ਾਲਸਈ ਤਿਓਹਾਰ ਹੋਲਾ ਮਹੱਲਾ ਮਨਾਉਣ ਲਈ ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਆਉਣ ਵਾਲੇ ਸਿੱਖ ਨੌਜਵਾਨਾਂ ਨੂੰ ਮੋਟਰਸਾਈਕਲਾਂ, ਟ੍ਰੈਕਟਰਾਂ ਅਤੇ ਕਾਰਾਂ ਉੱਤੇ ਸਟੰਟਬਾਜ਼ੀ ਕਰਨ ਤੋਂ ਗੁਰੇਜ਼ ਕਰਨ ਤੇ ਸ਼ਰਧਾ-ਭਾਵਨੀ ਨਾਲ ਆਉਣ ਦੀ ਤਾਕੀਦ ਕਰਦਿਆਂ ਪਿੰਡਾਂ-ਨਗਰਾਂ ਦੇ ਗੁਰਦੁਆਰਾ ਕਮੇਟੀਆਂ ਅਤੇ ਗ੍ਰੰਥੀ ਸਾਹਿਬਾਨ ਨੂੰ ਵੀ ਇਸ ਸਬੰਧ ਵਿੱਚ ਅਨਾਊਂਸਮੈਂਟਾਂ ਕਰਨ ਲਈ ਆਖਿਆ ਹੈ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਭੇਜਣ।

ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਬੁੱਧਵਾਰ 20 ਮਾਰਚ ਨੂੰ ਜਾਰੀ ਲਿਖਤੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਸਾਲਾਂ ਦੌਰਾਨ ਹੋਲਾ-ਮਹੱਲਾ ਦੌਰਾਨ ਕੁਝ ਨੌਜਵਾਨਾਂ ਦੁਆਰਾ ਹੁੱਲੜਬਾਜ਼ੀ ਤੇ ਸਟੰਟਬਾਜ਼ੀ ਕਾਰਨ ਵਾਪਰੇ ਹਾਦਸਿਆਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਪਿਛਲੇ ਸਾਲ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਨੌਜਵਾਨਾਂ ਨੂੰ ਸਟੰਟਬਾਜ਼ੀ ਤੋਂ ਰੋਕਣ ਕਾਰਨ ਇੱਕ ਕੈਨੇਡੀਅਨ ਸਿੱਖ ਨੌਜਵਾਨ ਦੇ ਕਤਲ ਦੀ ਦੁਖਦਾਈ ਘਟਨਾ ਵਾਪਰੀ ਸੀ। 
 
ਉਨ੍ਹਾਂ ਆਖਿਆ ਕਿ ਖ਼ਾਲਸੇ ਦੇ ਕੌਮੀ ਤਿਓਹਾਰ ਹੋਲਾ-ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕ ਅਤੇ ਮੀਡੀਆ ਕਰਮੀ ਵੀ ਸ੍ਰੀ ਅਨੰਦਪੁਰ ਸਾਹਿਬ ਪੁੱਜਦੇ ਹਨ ਅਤੇ ਇਹੋ ਜਿਹੀਆਂ ਮਾੜੀਆਂ ਘਟਨਾਵਾਂ ਕਾਰਨ ਸਿੱਖ ਕੌਮ ਦਾ ਅਕਸ ਹੋਰਨਾਂ ਦੇਸ਼ਾਂ ਦੇ ਲੋਕਾਂ ਵਿੱਚ ਖ਼ਰਾਬ ਹੁੰਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਹੋਲੀ ਤੋਂ ਵੱਖਰਾ ਹੋਲਾ-ਮਹੱਲਾ ਦਾ ਸੰਕਲਪ ਦਿੱਤਾ ਸੀ, ਜਿਸ ਦਾ ਉਦੇਸ਼ ਸਿੱਖ ਕੌਮ ਨੂੰ ਵਧੇਰੇ ਸੰਗਠਤ, ਅਨੁਸ਼ਾਸਨਬੱਧ ਤੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਜਾਗਰੂਕ ਕਰਨਾ ਸੀ। 
 
ਉਨ੍ਹਾਂ ਆਖਿਆ ਕਿ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸਰਬੱਤ ਸੰਗਤਾਂ ਅਤੇ ਨੌਜਵਾਨਾਂ ਨੂੰ ਜ਼ਾਬਤੇ, ਚੜ੍ਹਦੀਕਲਾ ਅਤੇ ਭੈਅ-ਭਾਵਨੀ ਵਿਚ ਰਹਿ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਖ਼ਾਲਸੇ ਦੇ ਜਾਹੋ-ਜਲਾਲ ਦੇ ਦਰਸ਼ਨ ਕਰਨੇ ਚਾਹੀਦੇ ਹਨ। ਮਾਪਿਆਂ, ਪਿੰਡਾਂ ਦੇ ਗ੍ਰੰਥੀ ਸਿੰਘ ਸਾਹਿਬਾਨਾਂ ਨੂੰ ਵੀ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਨੌਜਵਾਨਾਂ ਨੂੰ ਸਮਝਾ ਕੇ ਭੇਜਣਾ ਚਾਹੀਦਾ ਹੈ ਕਿ ਧਾਰਮਿਕ ਯਾਤਰਾ ਨੂੰ ਮੌਜ-ਮਸਤੀ ਜਾਂ ਹੁੱਲੜਬਾਜ਼ੀ ਦਾ ਰੂਪ ਬਿਲਕੁਲ ਨਾ ਦੇਣ।

ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਨੇ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਆਸ-ਪਾਸ ਲੱਗਣ ਵਾਲੇ ਲੰਗਰਾਂ ਵਿਚ ਸਾਫ਼-ਸਫ਼ਾਈ, ਸ਼ੁੱਧ ਰਸਦਾਂ ਦੀ ਵਰਤੋਂ ਕਰਨ ਅਤੇ ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਹੋਲਾ-ਮਹੱਲਾ ਮੌਕੇ ਲੱਗਣ ਵਾਲੇ ਮੈਡੀਕਲ ਕੈਂਪਾਂ ਵਿਚ ਮਿਆਰੀ ਦਵਾਈਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। 

Comments

ADVERTISEMENT

 

 

 

ADVERTISEMENT

 

 

E Paper

 

Related