ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕ ਅਹਿਮ ਇਕੱਤਰਤਾ ਵਿਚ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤ ਦੀ ਕਾਂਗਰਸ ਹਕੂਮਤ ਵਲੋਂ ਕੀਤੇ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੰਦਿਆਂ 40ਵੇਂ ਘੱਲੂਘਾਰਾ ਦਿਹਾੜੇ ਮੌਕੇ 1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਦਿੱਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਿਚੋਂ ਗਿਆਨੀ ਮੰਗਲ ਸਿੰਘ ਅਤੇ ਗਿਆਨੀ ਸੁਖਦੇਵ ਸਿੰਘ ਸ਼ਾਮਲ ਹੋਏ।
ਇਕੱਤਰਤਾ ਉਪਰੰਤ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਆਪਣੀ ਫੌਜ ਰਾਹੀਂ 1 ਜੂਨ ਤੋਂ 6 ਜੂਨ 1984 ਤੱਕ ਰੂਹਾਨੀਅਤ ਦੇ ਕੇਂਦਰ ਤੇ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹਮਲਾ ਕਰਕੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ-ਟੈਂਕਾਂ ਦੇ ਗੋਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਸਮੁੱਚੀ ਸਿੱਖ ਕੌਮ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਾਲ ਜੂਨ ਮਹੀਨੇ 40ਵਾਂ ਘੱਲੂਘਾਰਾ ਦਿਹਾੜਾ ਵੱਡੇ ਪੱਧਰ ’ਤੇ ਮਨਾਉਂਦਿਆਂ 1 ਜੂਨ ਤੋਂ 6 ਜੂਨ ਤੱਕ ‘ਸ਼ਹੀਦੀ ਸਪਤਾਹ’ ਮਨਾਇਆ ਜਾਵੇ। ਇਸ ਦੌਰਾਨ ਦੇਸ਼-ਵਿਦੇਸ਼ ਦੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾ ਕੇ ਜੂਨ 1984 ਦੇ ਘੱਲੂਘਾਰੇ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਜੂਨ 1984 ਸਮੇਂ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੂੰ ਦਰਸਾਉਂਦੀਆਂ ਤਸਵੀਰਾਂ, ਸ੍ਰੀ ਦਰਬਾਰ ਸਾਹਿਬ ਦੀਆਂ ਪਵਿੱਤਰ ਪ੍ਰਕਰਮਾ ਵਿਚ ਭਾਰਤੀ ਫੌਜ ਵੱਲੋਂ ਸ਼ਹੀਦ ਕੀਤੇ ਗਏ ਸਿੰਘ/ਸਿੰਘਣੀਆਂ ਅਤੇ ਨਵੰਬਰ 1984 ਵਿਚ ਦਿੱਲੀ, ਕਾਨਪੁਰ ਅਤੇ ਬੋਕਾਰੋ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਰਕਾਰੀ ਸਰਪ੍ਰਸਤੀ ਹੇਠ ਕੀਤੀ ਗਈ ਸਿੱਖ ਨਸਲਕੁਸ਼ੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਹਰੇਕ ਗੁਰਦੁਆਰਾ ਸਾਹਿਬ ਵਿਖੇ ਲਗਾਈ ਜਾਵੇ ਤਾਂ ਕਿ ਸੰਗਤਾਂ ਹਕੂਮਤ ਵੱਲੋਂ ਸਿੱਖ ਕੌਮ ’ਤੇ ਕੀਤੇ ਗਏ ਜੁਲਮਾਂ ਤੋਂ ਜਾਣੂ ਹੋ ਸਕਣ।
ਸਿੰਘ ਸਾਹਿਬਾਨ ਨੇ ਆਪਣੇ ਆਦੇਸ਼ ਵਿਚ ਅੱਗੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਅਣਖ ਖਾਤਰ ਧਰਮ ਯੁੱਧ ਵਿਚ ਕੁੱਦਣ ਵਾਲੇ ਜੁਝਾਰੂ ਸਿੰਘਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ ਵੱਡੀ ਗਿਣਤੀ ਵਿਚ ਸਿੰਘਾਂ ਨੂੰ ਹਕੂਮਤ ਵੱਲੋਂ ਸਖ਼ਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ, ਜਿਨ੍ਹਾਂ ਵਿਚੋਂ ਕਈ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਾ ਕਰਨ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਮਿਤੀ 4 ਤੋਂ 6 ਜੂਨ 2024 ਤੱਕ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵੱਸਦਾ ਹਰ ਸਿੱਖ ਆਪਣੇ ਸਿਰ ’ਤੇ ਕਾਲੀ ਦਸਤਾਰ ਸਜਾਵੇ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ।
ਸਿੰਘ ਸਾਹਿਬਾਨ ਨੇ ਇਹ ਵੀ ਆਦੇਸ਼ ਕੀਤਾ ਕਿ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਮਿਤੀ 6 ਜੂਨ 2024 ਨੂੰ ਸਵੇਰੇ 9 ਵਜੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਵੇ।
Comments
Start the conversation
Become a member of New India Abroad to start commenting.
Sign Up Now
Already have an account? Login