ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰ ਰਹੇ ਹਨ। ਤਰਨਜੀਤ ਸਿੰਘ ਸੰਧੂ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਸੰਧੂ 31 ਜਨਵਰੀ ਨੂੰ ਸੇਵਾਮੁਕਤ ਹੋ ਗਏ ਹਨ। 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਸੰਧੂ ਦਾ ਨਾ ਸਿਰਫ਼ ਸਾਫ਼-ਸੁਥਰਾ ਅਕਸ ਹੈ ਸਗੋਂ ਰਾਜਦੂਤ ਹੋਣ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਕਾਰਨ ਉਨ੍ਹਾਂ ਦੀ ਸੇਵਾਮੁਕਤੀ ਤੋਂ ਪਹਿਲਾਂ ਅਮਰੀਕਾ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਅੱਜ ਉਹ ਇੱਕ ਵਿਸ਼ੇਸ਼ ਸਮਾਗਮ ਦੌਰਾਨ ਭਾਜਪਾ 'ਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਤਰਨਜੀਤ ਸਿੰਘ ਸੰਧੂ ਨੇ ਸਾਰੀ ਬੀਜੇਪੀ ਲੀਡਰਸ਼ਿਪ ਅਤੇ ਮੌਜੂਦ ਆਗੂਆਂ ਦਾ ਧੰਨਵਾਦ ਕੀਤਾ। ਸੰਧੂ ਨੇ ਕਿਹਾ ਕਿ ''ਪਿਛਲੇ 10 ਸਾਲਾਂ 'ਚ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਖਾਸ ਤੌਰ 'ਤੇ ਅਮਰੀਕਾ ਅਤੇ ਸ਼੍ਰੀਲੰਕਾ ਨਾਲ ਮਿਲ ਕੇ ਕੰਮ ਕੀਤਾ ਹੈ।"
ਉਨਾਂ ਕਿਹਾ ਕਿ ਭਾਰਤ ਵਿਚ ਅਮਰੀਕਾ ਦੀ ਇੰਨਵੈਸਟਮੈਂਟ ਵਧਦੀ ਜਾ ਰਹੀ ਹੈ। ਆਈ ਟੀ ਸੈਕਟਰ ਦੀਆਂ ਕੰਪਨੀਆਂ ਭਾਰਤ ਨਾਲ ਕੰਮ ਕਰਨ ਲਈ ਉਤਸੁਕ ਹਨ ਅਤੇ ਸੋਲਰ ਊਰਜਾ 'ਚ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਚੈਨੱਈ 'ਚ ਇੰਨਵੈਸਟ ਕਰ ਰਹੀ ਹੈ।"
"ਇਸੇ ਤਰਾਂ ਹੀ ਅਮਰੀਕਾ ਨਾਲ ਨਵੀ ਵਿੱਦਿਅਕ ਨੀਤੀ ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜਿਸਦਾ ਮਕਸਦ ਹੈ ਕਿ ਡਿਗਰੀ ਤੋਂ ਇਲਾਵਾ ਹਰ ਕਿਸੇ ਕੋਲ ਹੁਨਰ ਹੋਣ। ਸੰਧੂ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਪੰਜਾਬ ਅਤੇ ਖਾਸ ਤੌਰ ਤੇ ਅੰਮ੍ਰਿਤਸਰ 'ਚ ਵਿਕਾਸ ਦੇ ਮੁੱਦੇ 'ਤੇ ਬਹੁਤ ਕੰਮ ਕੀਤਾ ਜਾ ਸਕਦਾ ਹੈ।"
"ਅੱਜ ਵਿਕਾਸ ਦੀ ਬਹੁਤ ਲੋੜ ਹੈ ਅਤੇ ਇਹ ਵਿਕਾਸ ਅੰਮ੍ਰਿਤਸਰ ਤੱਕ ਵੀ ਪਹੁੰਚਣਾ ਚਾਹੀਦਾ ਹੈ। ਇਸ ਲਈ ਮੈਂ ਪਾਰਟੀ ਪ੍ਰਧਾਨ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਦੇਸ਼ ਸੇਵਾ ਦੇ ਨਵੇਂ ਮਾਰਗ 'ਤੇ ਚੱਲਣ ਲਈ ਉਤਸ਼ਾਹਿਤ ਕੀਤਾ ਜਿਸ ਕਰ ਕੇ ਅੱਜ ਮੈਂ ਭਾਜਪਾ ਵਿਚ ਸ਼ਾਮਲ ਹੋ ਰਿਹਾ ਹੈ।"
ਸੰਧੂ ਨੇ ਕਿਹਾ, "ਗੁਰੂ ਕੀ ਨਗਰੀ ਹੋਣ ਕਾਰਨ ਸ੍ਰੀ ਅੰਮ੍ਰਿਤਸਰ ਟਰੇਡ, ਐਗਰੀਕਲਚਰ, ਵਿੱਦਿਅਕ ਖੇਤਰ 'ਚ ਬਹੁਤ ਅੱਗੇ ਹੈ ਅਤੇ ਹੋਰ ਵੀ ਬਹੁਤ ਸਾਰੇ ਖੇਤਰਾਂ 'ਚ ਵਿਕਾਸ ਦੀ ਲੋੜ ਹੈ।"
ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਹਰਦੀਪ ਸਿੰਘ ਪੁਰੀ ਨੂੰ ਕਰੀਬ 1 ਲੱਖ ਵੋਟਾਂ ਨਾਲ ਹਰਾਇਆ ਸੀ।
ਪਾਰਟੀ ਸਾਫ਼ ਅਕਸ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅੰਮ੍ਰਿਤਸਰ ਸੀਟ ਭਾਜਪਾ ਲਈ ਇੱਕ ਦੁਖਦਾਈ ਸੁਪਨਾ ਬਣ ਕੇ ਰਹਿ ਗਈ ਹੈ। ਸਿੱਧੂ ਅੰਮ੍ਰਿਤਸਰ ਸੀਟ ਤੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਉਸ ਤੋਂ ਬਾਅਦ ਭਾਜਪਾ ਇਸ ਸੀਟ 'ਤੇ ਲਗਾਤਾਰ ਹਾਰ ਰਹੀ ਹੈ।
2014 ਵਿਚ ਭਾਜਪਾ ਨੇ ਆਪਣੇ ਸਭ ਤੋਂ ਵੱਡੇ ਨੇਤਾ ਅਤੇ ਤਤਕਾਲੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੈਦਾਨ ਵਿੱਚ ਉਤਾਰਿਆ ਸੀ, ਪਰ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ।
2019 ਵਿਚ, ਪਾਰਟੀ ਨੇ ਇਕ ਵਾਰ ਫਿਰ ਆਪਣੇ ਸ਼ਕਤੀਸ਼ਾਲੀ ਨੇਤਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚੋਣਾਂ ਵਿੱਚ ਉਤਾਰਿਆ। ਉਨ੍ਹਾਂ ਨੂੰ ਕਾਂਗਰਸ ਦੇ ਗੁਰਜੀਤ ਔਜਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਬਾਹਰੋਂ ਲਿਆਂਦੇ ਨੇਤਾਵਾਂ ਨੂੰ ਮੰਨਿਆ ਗਿਆ ਹੈ ਕਿਉਂਕਿ ਜੇਤਲੀ ਅਤੇ ਪੁਰੀ ਦਾ ਪੰਜਾਬ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ।
Comments
Start the conversation
Become a member of New India Abroad to start commenting.
Sign Up Now
Already have an account? Login