ਪਾਕਿਸਤਾਨ ਦੇ ਨਾਰੋਵਾਲ ਤੋਂ ਵਿਧਾਇਕ ਰਮੇਸ਼ ਸਿੰਘ ਅਰੋੜਾ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਘੱਟ ਗਿਣਤੀਆਂ ਮਾਮਲਿਆਂ ਬਾਰੇ ਮੰਤਰੀ ਵਜੋਂ ਸਹੁੰ ਚੁੱਕੀ।
ਉਹ 1947 ਤੋਂ ਬਾਅਦ ਪਾਕਿਸਤਾਨ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਤੋਂ ਮੰਤਰੀ ਬਣਨ ਵਾਲੇ ਪਹਿਲੇ ਵਿਅਕਤੀ ਹਨ। ਅਰੋੜਾ ਪਾਕਿਸਤਾਨ ਮੁਸਲਿਮ ਲੀਗ ਦੀ ਮੁੱਖ ਮੰਤਰੀ ਮਰੀਅਮ ਨਵਾਫ਼ ਸ਼ਰੀਫ਼ ਦੀ ਕੈਬਨਿਟ ਵਿੱਚ ਸ਼ਾਮਲ ਹੋਣਗੇ।
ਨਨਕਾਣਾ ਸਾਹਿਬ ਵਿੱਚ ਜਨਮੇ, ਰਮੇਸ਼ ਸਿੰਘ ਅਰੋੜਾ ਨੇ ਸਰਕਾਰੀ ਯੂਨੀਵਰਸਿਟੀ, ਲਾਹੌਰ ਤੋਂ ਐੱਸਐੱਮਈ ਪ੍ਰਬੰਧਨ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਅਰੋੜਾ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਾਕਿਸਤਾਨ ਵਿੱਚ ਵਿਸ਼ਵ ਬੈਂਕ ਦੇ ਗਰੀਬੀ ਹਟਾਓ ਪ੍ਰੋਗਰਾਮ ਲਈ ਕੰਮ ਕੀਤਾ।
ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਤੋਂ ਵਿਧਾਇਕ ਚੁਣੇ ਗਏ ਹਨ। ਪਿਛਲੇ ਸਾਲ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਲਈ ਰਾਜਦੂਤ ਵੀ ਨਿਯੁਕਤ ਕੀਤਾ ਗਿਆ ਸੀ।
ਅਰੋੜਾ ਹਾਲ ਹੀ ਵਿੱਚ ਤਿੰਨ ਸਾਲਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਚੁਣੇ ਗਏ ਹਨ।
'ਦ ਇੰਡੀਅਨ ਐਕਸਪ੍ਰੈਸ' ਨਾਲ ਗੱਲ ਕਰਦਿਆਂ ਅਰੋੜਾ ਨੇ ਕਿਹਾ, ''ਵੰਡ ਤੋਂ ਬਾਅਦ ਪਹਿਲੀ ਵਾਰ ਕਿਸੇ ਸਿੱਖ ਨੂੰ ਪੰਜਾਬ ਸੂਬੇ ਦੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਮੈਂ ਨਾ ਸਿਰਫ਼ ਸਿੱਖਾਂ ਸਗੋਂ ਹਿੰਦੂਆਂ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਇਸਾਈਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਚਿੰਤਤ ਹਾਂ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਲਈ ਹੀ ਕੰਮ ਕਰਾਂਗਾ।"
ਰਮੇਸ਼ ਸਿੰਘ ਅਰੋੜਾ ਨੇ 2008 ਵਿੱਚ ਇੱਕ ਸੰਸਥਾ ਮੋਜਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਪਾਕਿਸਤਾਨ ਵਿੱਚ ਗਰੀਬਾਂ ਲਈ ਕੰਮ ਕਰਦੀ ਹੈ।
ਸੰਨ 1947 ਦੀ ਵੰਡ ਦੇ ਦੌਰਾਨ, ਅਰੋੜਾ ਦੇ ਪਰਿਵਾਰ ਨੇ ਜ਼ਿਆਦਾਤਰ ਸਿੱਖ/ਹਿੰਦੂ ਪਰਿਵਾਰਾਂ ਵਾਂਗ ਭਾਰਤ ਵਿੱਚ ਰਹਿਣ ਦੀ ਬਜਾਏ ਪਾਕਿਸਤਾਨ ਵਿੱਚ ਹੀ ਰਹਿਣ ਦਾ ਬਦਲ ਚੁਣਿਆ ਸੀ।
ਅਰੋੜਾ ਦੇ ਮੰਤਰੀ ਬਣਨ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਰਮੇਸ਼ ਸਿੰਘ ਅਰੋੜਾ ਸਿੱਖ ਭਾਈਚਾਰੇ ਵਿੱਚੋਂ ਪਾਕਿਸਤਾਨ ਦੇ ਮੰਤਰੀ ਬਣਨ ਵਾਲੇ ਪਹਿਲੇ ਸਖ਼ਸ਼ ਹਨ, ਜਿਨ੍ਹਾਂ ਤੋਂ ਪਾਕਿਸਤਾਨ ਵਿਚ ਸਿੱਖ ਮਸਲਿਆਂ ਦੇ ਸਰਲੀਕਰਨ ਲਈ ਸਰਕਾਰ ਤੱਕ ਆਪਣੀ ਸੰਵਿਧਾਨਿਕ ਪਹੁੰਚ ਦੀ ਸਦਵਰਤੋਂ ਕਰਨ ਦੀਆਂ ਉਮੀਦਾਂ ਹਨ। ਉਨ੍ਹਾਂ ਆਖਿਆ ਕਿ ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਨ ਨਾਲ ਪਾਕਿਸਤਾਨ ਵਿਚਲੀਆਂ ਸਾਰੀਆਂ ਘੱਟ-ਗਿਣਤੀਆਂ ਦੇ ਮਨੋਬਲ ਤੇ ਸੁਰੱਖਿਆ ਭਾਵਨਾ ਵਿਚ ਵੀ ਵਾਧਾ ਹੋਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਰਮੇਸ਼ ਸਿੰਘ ਅਰੋੜਾ ਨੂੰ ਵਧਾਈ ਦਿੱਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਰਮੇਸ਼ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਉਨ੍ਹਾਂ ਨੂੰ ਲਹਿੰਦੇ ਪੰਜਾਬ ਦੇ ਮੰਤਰੀ ਮੰਡਲ ਵਿਚ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਰਮੇਸ਼ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਘੱਟਗਿਣਤੀ ਮਾਮਲਿਆਂ ਦਾ ਮੰਤਰੀ ਬਣਾਉਣਾ ਸਰਕਾਰ ਅਤੇ ਘੱਟਗਿਣਤੀ ਸਿੱਖਾਂ ਵਿਚ ਪੁਲ ਵਜੋਂ ਕੰਮ ਕਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਰਮੇਸ਼ ਸਿੰਘ ਅਰੋੜਾ ਜਿਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪੰਥਕ ਭਾਵਨਾਵਾਂ ਅਨੁਸਾਰ ਸੇਵਾਵਾਂ ਨਿਭਾਉਣਗੇ, ਉਥੇ ਹੀ ਘਟਗਿਣਤੀਆਂ ਬਾਰੇ ਮੰਤਰੀ ਬਣ ਕੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਸਿੱਖ ਗੁਰਧਾਮਾਂ ਅਤੇ ਸਿੱਖ ਹਿੱਤਾਂ ਦੀ ਸੁਰੱਖਿਆ ਲਈ ਵੀ ਯਤਨਸ਼ੀਲ ਹੋਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਆਸ ਪ੍ਰਗਟਾਈ ਕਿ ਇਨ੍ਹਾਂ ਦੇ ਸਰਕਾਰ ਵਿਚ ਸ਼ਾਮਲ ਹੋਣ ਨਾਲ ਜਿਥੇ ਸਰਕਾਰ ਸਿੱਖਾਂ ਪ੍ਰਤੀ ਵਧੇਰੇ ਉਦਾਰ ਹੋਵੇਗੀ, ਉਥੇ ਹੀ ਘਟਗਿਣਤੀ ਵੀ ਪਾਕਿਸਤਾਨ ਅੰਦਰ ਸੁਰੱਖਿਅਤ ਮਹਿਸੂਸ ਕਰਨਗੇ।
Comments
Start the conversation
Become a member of New India Abroad to start commenting.
Sign Up Now
Already have an account? Login