ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਹੁਣ ਉਨ੍ਹਾਂ ਦੇ ਚਲਾਣੇ ਦੀ ਖਬਰ ਨੇ ਸਾਹਿਤ ਪ੍ਰੇਮੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦਿੱਤਾ ਹੈ। ਪੰਜਾਬ ਨੇ ਇੱਕ ਆਈਕਨ ਗੁਆ ਦਿੱਤਾ ਹੈ। ਪੰਜਾਬੀ ਸਾਹਿਤ ਦਾ ਖਿੜਿਆ ਤੇ ਖੁਸ਼ਬੂਦਾਰ ਫੁੱਲ ਸੁਰਜੀਤ ਪਾਤਰ ਸਾਡੇ ਤੋਂ ਵਿਛੜ ਗਿਆ ਹੈ। ਉਹ ਪੰਜਾਬੀ ਸਾਹਿਤ ਦਾ ਇੱਕ ਦੌਰ ਸਨ, ਜੋ ਪਹਿਲਾਂ ਵੀਰ ਸਿੰਘ, ਪੂਰਨ ਸਿੰਘ ਅਤੇ ਸ਼ਿਵਕੁਮਾਰ ਬਟਾਲਵੀ ਦਾ ਸੀ।
ਉਸ ਤੋਂ ਬਾਅਦ ਦਾ ਆਧੁਨਿਕ ਦੌਰ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਹਰਭਜਨ ਸਿੰਘ ਅਤੇ ਫਿਰ ਸੁਰਜੀਤ ਪਾਤਰ ਨਾਲ ਸ਼ੁਰੂ ਹੋਇਆ। ਪਾਤਰ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਮੀਲ ਪੱਥਰ ਸੀ।
ਸੁਰਜੀਤ ਪਾਤਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੂੰ ਸਾਲ 2012 ਦੇ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੇ ਜਾਣ ਉੱਤੇ ਸਿਆਸੀ ਆਗੂਆਂ ਤੋਂ ਲੈ ਕੇ ਸਾਹਿਤ ਜਗਤ ਦੀਆਂ ਕਈਆਂ ਹਸਤੀਆਂ ਨੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸੁਰਜੀਤ ਪਾਤਰ ਦਾ ਜਨਮ ਜਨਵਰੀ 1945 ਵਿੱਚ ਜਲੰਧਰ ਦੇ ਪੱਤੜ ਕਲਾਂ ਪਿੰਡ ਵਿੱਚ ਹੋਇਆ। ਉਨ੍ਹਾਂ ਨੇ ਅੰਗਰੇਜ਼ੀ ਦੇ ਇੱਕ ਕਾਲਜ ਮੈਗਜ਼ੀਨ ਵਿੱਚ ਜਦੋਂ ਆਪਣੇ ਪਿੰਡ ਦਾ ਨਾਮ “Pattar” ਲਿਖਿਆ ਤਾਂ ਉਹ ‘ਪਾਤਰ’ ਬਣ ਗਿਆ ਅਤੇ ਉਨ੍ਹਾਂ ਨੇ ਇਹੀ ਵਰਤਣਾ ਸ਼ੁਰੂ ਕਰ ਦਿੱਤਾ।
ਸੁਰਜੀਤ ਪਾਤਰ ਨੇ ਗੋਲਡ ਮੈਡਲ ਨਾਲ ਪੰਜਾਬੀ ਵਿੱਚ ਐੱਮਏ ਕੀਤੀ ਅਤੇ ਉਨ੍ਹਾਂ ਦੇ ਪੀਐੱਚਡੀ ਖੋਜ ਕਾਰਜ ਦਾ ਵਿਸ਼ਾ “ਲੋਕ ਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ” ਸੀ।
ਸੁਰਜੀਤ ਪਾਤਰ ਵੀ ਪੰਜਾਬੀ ਯੂਨੀਵਰਸਿਟੀ ਦੇ ਸ਼ੁਰੂਆਤੀ ਪੂਰ ਵਿੱਚ ਸ਼ਾਮਲ ਸਨ। ਯੂਨੀਵਰਸਿਟੀ ਦੇ ਕਈ ਵਿਦਿਆਰਥੀ ਅੱਗੇ ਜਾ ਕੇ ਪੰਜਾਬੀ ਬੌਧਿਕਤਾ ਦੇ ਉੱਘੇ ਨਾਮ ਬਣੇ। ਸੁਰਜੀਤ ਪਾਤਰ ਨੇ ਆਪਣੀ ਬਹੁਤੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਦਲੀਪ ਕੌਰ ਟਿਵਾਣਾ ਵਰਗੇ ਵਿਦਵਾਨਾਂ ਦੀ ਸੰਗਤ ਮਾਨਣ ਦਾ ਮੌਕਾ ਮਿਲਿਆ।
ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਆਪਣੀ ਮਸ਼ਹੂਰ ਕਵਿਤਾ ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ” ਲਿਖੀ।
ਸੁਰਜੀਤ ਪਾਤਰ ਨੇ ਜੋ ਵੀ ਲਿਖਿਆ, ਸਭ ਕੁਝ ਪਿਆਰਾ ਹੈ। ਪਾਤਰ ਦੀਆਂ ਕਾਵਿ ਰਚਨਾਵਾਂ ਵਿਚੋਂ 'ਹਵਾ ਵਿੱਚ ਲਿਖੇ ਹਰਫ', 'ਹਨੇਰੇ ਵਿਚ ਸੁਲਗਦੀ ਵਰਣਮਾਲਾ', 'ਪਤਝੜ ਦੀ ਪਜੇਬ', 'ਲਫ਼ਜਾ ਦੀ ਦਰਗਾਹ' ਆਦਿ ਸਾਹਿਤ ਪ੍ਰੇਮੀਆਂ ਲਈ ਖਾਸ ਸਨ। ਪਾਤਰ ਨੇ ਫੈਡਰਿਕੋ ਗਾਰਸੀਆ ਲੋਰਕਾ ਦੇ ਤਿੰਨ ਦੁਖਾਂਤ, ਗਿਰੀਸ਼ ਕਰਨਾਡ ਦੇ ਨਾਟਕ ਨਾਗਮੰਡਲਾ ਅਤੇ ਬਰਟੋਲਟ ਬ੍ਰੇਚਟ ਅਤੇ ਪਾਬਲੋ ਨੇਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ।
ਉਸਨੇ ਗੁਰੂ ਨਾਨਕ ਬਾਣੀ ਅਤੇ ਲੋਕਧਾਰਾ ਦੇ ਸਬੰਧਾਂ 'ਤੇ ਪੀਐਚਡੀ ਕੀਤੀ। ਉਸਦਾ ਖੋਜ ਪੱਤਰ ਪੜ੍ਹਨਾ ਚਾਹੀਦਾ ਹੈ। ਉਸ ਦੀ ਹਰ ਰਚਨਾ ਸਾਨੂੰ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜ ਕੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਉਹ ਇੱਕ ਪਿਆਰਾ ਵਿਅਕਤੀ ਸੀ ਅਤੇ ਅੱਜ ਪੰਜਾਬੀ ਦਾ ਸਭ ਤੋਂ ਮਹਾਨ ਕਵੀ ਵੀ।
ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਹਰਭਜਨ ਸਿੰਘ ਤੋਂ ਬਾਅਦ ਉਹ ਇਕੱਲਾ ਅਜਿਹਾ ਵਿਅਕਤੀ ਸੀ ਜਿਸ ਨੇ ਪੰਜਾਬ ਦੇ ਕਾਵਿ-ਯੁੱਗ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਸੀ ਅਤੇ ਹੁਣ ਉਹ ਮੋਢੇ ਵੀ ਨਹੀਂ ਰਹੇ। ਪਾਤਰ...ਯਾਦ ਰਹੇਗਾ!
Comments
Start the conversation
Become a member of New India Abroad to start commenting.
Sign Up Now
Already have an account? Login