ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਸ਼ਿਕਾਇਤ ਵਿਚ ਲਾਏ ਦੋਸ਼ਾਂ ਸਬੰਧੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਨਿੱਜੀ ਤੌਰ ‘ਤੇ ਪੁੱਜ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਹੈ।
15 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੇ ਬਾਗੀ ਧੜੇ ਦੀ ਮੁਆਫ਼ੀ ਨੂੰ ਆਧਾਰ ਬਣਾਉਂਦਿਆਂ ਸੁਖਬੀਰ ਬਾਦਲ ਨੂੰ ਆਪਣਾ ਪੱਖ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ। ਡੇਰਾ ਮੁਖੀ ਰਾਮ ਰਹੀਮ ਦਾ ਪੱਖ ਪੂਰਨ, ਸ਼੍ਰੋਮਣੀ ਅਕਾਲੀ ਦਲ ਦੇ 90 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੀ ਤਰਫੋਂ ਜਾਰੀ ਕਰਨ ਅਤੇ ਬੇਅਦਬੀ ਮਾਮਲਿਆਂ ਸਮੇਤ ਸਾਰੇ ਦੋਸ਼ਾਂ 'ਤੇ ਉਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਸੁਖਬੀਰ ਬਾਦਲ ਨੇ ਸਪੱਸ਼ਟੀਕਰਨ ਵਿੱਚ ਸਿੰਘ ਸਾਹਿਬ ਦੇ ਸਨਮੁੱਖ ਕਿਹੜੇ ਤੱਥ ਪੇਸ਼ ਕੀਤੇ ਇਹ ਅਜੇ ਤੱਕ ਰਾਜ ਹੈ, ਪਰ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਬੰਦ ਲਿਫਾਫੇ 'ਚ ਦਿੱਤੇ ਸਪੱਸ਼ਟੀਕਰਨ ਦੇ ਨਾਲ ਇੱਕ ਪੱਤਰ ਵੀ ਅਟੈਚ ਕੀਤਾ ਗਿਆ ਹੈ ਜੋ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਸੀ।
17 ਅਕਤੂਬਰ 2015 ਦਾ ਇਹ ਪੱਤਰ ਇਸ ਪ੍ਰਕਾਰ ਹੈ:-
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ
ਸਤਿਕਾਰਯੋਗ ਸਿੰਘ ਸਾਹਿਬ ਜੀਓ,
ਗੁਰੁ ਫਤਿਹ ਪ੍ਰਵਾਨ ਹੋਵੇ,
ਪਿਛਲੇ ਦਿਨੀਂ ਜੋ ਘਟਨਾਕਰਨ ਵਾਪਰਿਆ ਹੈ ਉਹ ਬੇਹੱਦ ਦੁਖਦਾਈ ‘ਤੇ ਪੀੜਾ ਭਰਿਆ ਹੈ।ਜਿਸ ਨਾਲ ਪੰਜਾਬੀ ਸਮਾਜ ਅਤੇ ਖਾਸ ਤੌਰ ‘ਤੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾ ਵਿੱਚ ਦਰਦ ਦਾ ਅਹਿਸਾਸ ਬੇਹੱਦ ਡੂੰਘਾ ਹੋਇਆ ਹੈ।ਅਣਕਿਆਸੀਆਂ ਘਟਨਾਵਾਂ ਨਵੇਂ ਰਸਤੇ ਅਖਤਿਆਰ ਕਰ ਰਹੀਆਂ ਹਨ ਜੋ ਹੋਰ ਵੀ ਜੋਖਮ ਭਰੇ ਬਣ ਸਕਦੇ ਹਨ।
ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਮੈਨੂੰ ਵਾਪਰ ਰਹੇ ਅਜਿਹੇ ਅਣਕਿਆਸੇੇ ਘਟਨਾਕ੍ਰਮ ਦਾ ਅਹਿਸਾਸ ਹੈ।ਪਿਛਲੇ ਲੰਬੇ ਸਮੇਂ ਤੋਂ ਮੈਂ ਸੌਂਪੇ ਗਏੇ ਫਰਜਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਨ ਦਾ ਯਤਨ ਕੀਤਾ ਹੈ।ਮੈਂ ਆਪਣਾ ਸਮੁੱਚਾ ਜੀਵਨ ਸਿਦਕ ਅਤੇ ਧਾਰਮਿਕ ਮਾਨਤਾਵਾਂ ਦੇ ਅਨੁਸਾਰੀ ਹੋ ਕੇ ਬਤੀਤ ਕੀਤਾ ਹੈ।
ਸਿਦਕਦਿਲੀ ਨਾਲ ਆਪਣੇ ਫਰਜਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿ ਆਸ ਤੋਂ ਬਾਹਰ ਹੁੰਦਾ ਹੈ, ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਚੋਂ ਗੁਜਰਨਾ ਪੈਂਦਾ ਹੈ ਅਤੇ ਤੁਸੀਂ ਅਤਮਿਕ ਤੌਰ ‘ਤੇ ਝੰਜੋੜੇ ਜਾਂਦੇ ਹੋ।
ਤੁਹਾਡੇ ਅੰਦਰ ਪਛਚਾਤਾਪ ਦੀਆਂ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਹਨ।ਇਸ ਸਮੇਂ ਮੈਂ ਅਜਿਹੀ ਅੰਤਰ ਮਨ ਦੀ ਪੀੜਾ ਚੋਂ ਗੁਜਰ ਰਿਹਾ ਹਾਂ। ਇਸ ਦਿਸ਼ਾ ਵਿੱਚ ਪਿਛਲੇ ਸਮੇਂ ਵਿੱਚ ਜੋ ਵੀ ਦੁਖਦਾਈ ਵਾਪਰਿਆ ਹੈ ਉਸਨੇ ਆਤਮਿਕ ਤੌਰ ‘ਤੇ ਮੈਨੂੰ ਧੁਰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ।
ਅਜਿਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਆਪਣੇ ਗੁਰੁ ਅੱਗੇ ਨਤਮਸਤਕ ਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਲ ਬਖਸ਼ਣ ਅਤੇ ਮਿਹਰ ਕਰਨ।
ਗੁਰੁ ਪੰਥ ਦਾ ਦਾਸ
ਪ੍ਰਕਾਸ਼ ਸਿੰਘ ਬਾਦਲ
Comments
Start the conversation
Become a member of New India Abroad to start commenting.
Sign Up Now
Already have an account? Login