ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਨੇ ਲੋਕ ਸਭਾ ਚੋਣਾਂ 2024 ਲਈ ਆਪਣੀ ਪੰਜਾਬ ਨਾਲ ਸਬੰਧਤ ਛੇ ਉਮੀਦਵਾਰਾਂ ਦੀ ਸੂਚੀ ਐਤਵਾਰ ਨੂੰ ਜਾਰੀ ਕੀਤੀ।
ਏਆਈਸੀਸੀ ਦੇ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਪੰਜਾਬ ਦੇ ਨਾਲ ਨਾਲ ਤਿੰਨ ਉਮੀਦਵਾਰ ਦਿੱਲੀ ਦੇ ਅਤੇ ਇੱਕ ਉੱਤਰ ਪ੍ਰਦੇਸ਼ ਦੇ ਨਾਵਾਂ ਦਾ ਵੀ ਐਲਾਨ ਕੀਤਾ। ਇਹ ਸੂਚੀ ਸ਼ਨਿੱਚਰਵਾਰ ਨੂੰ ਏਆਈਸੀਸੀ ਦੀ ਨਵੀਂ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਦੀ ਅਗਵਾਈ ਵਾਲੀ ਇਕੱਤਰਤਾ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਕਾਂਗਰਸ ਵੱਲੋਂ ਜਾਰੀ ਕੀਤੇ ਗਏ ਉਮੀਦਵਾਰਾਂ ਨਾਲ ਪੰਜਾਬ ਦੀ ਸਿਆਸਤ ਦਾ ਮਾਹੌਲ ਹੋਰ ਭਖ ਗਿਆ ਹੈ। ਕਾਂਗਰਸ ਨੇ ਅੰਮ੍ਰਿਤਸਰ ਤੋਂ ਆਪਣੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਉੱਤੇ ਭਰੋਸਾ ਜਤਾਉਂਦਿਆਂ ਹੀ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਲੰਧਰ ਅਤੇ ਫ਼ਤਿਹਗੜ੍ਹ ਸਾਹਿਬ ਦੀਆਂ ਰਾਖਵੀਂ ਸੀਟਾਂ ਤੋਂ ਕ੍ਰਮਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਕਾਂਗਰਸ ਨੇ ਮਾਲਵੇ ਦੀ ਬਠਿੰਡਾ ਸੀਟ ਤੋਂ ਸਾਬਕਾ ਅਕਾਲੀ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ, ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਸੰਗਰੂਰ ਤੋਂ ਭੋਲੱਥ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਅਤੇ ਪਟਿਆਲ਼ਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਇਲਾਵਾ ਕਾਂਗਰਸ ਦੀ ਸੂਚੀ ਵਿੱਚ ਦਿੱਲੀ ਚਾਂਦਨੀ ਚੌਕ ਤੋਂ ਜੇ ਪੀ ਅਗਰਵਾਲ, ਉੱਤਰ ਪੂਰਬ ਦਿੱਲੀ ਤੋਂ ਕਨ੍ਹੀਆ ਕੁਮਾਰ, ਉੱਤਰ ਪੱਛਮ ਦਿੱਲੀ ਤੋਂ ਉਦਿਤ ਰਾਜ ਦੇ ਨਾਮ ਸ਼ਾਮਲ ਹਨ।
ਸੂਚੀ ਵਿੱਚ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ਕਾਂਗਰਸ ਉਮੀਦਵਾਰ ਉਜਵਲ ਰੇਵਾਤੀ ਰਮਨ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸੀਟ ਉੱਤੇ ਔਜਲੇ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ ਅੰਬੈਸਡਰ ਤਰਨਜੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਅਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਈਮਾਨ ਸਿੰਘ ਮਾਨ ਨਾਲ ਹੋਵੇਗਾ। ਅੰਮ੍ਰਿਤਸਰ ਅੰਦਰ ਪੰਜ ਕੋਣੀ ਮੁਕਾਬਲਾ ਬਣ ਗਿਆ ਹੈ ਅਤੇ ਲਗਭਗ ਸਾਰੀ ਮੁੱਖ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ।
ਜਲੰਧਰ ਤੋਂ ਚੰਨੀ ਦਾ ਮੁਕਾਬਲਾ ਆਪ ਤੋਂ ਭਾਜਪਾ ਵਿੱਚ ਗਏ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਗਏ ਪਵਨ ਕੁਮਾਰ ਟੀਨੂ, ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਨਾਲ ਹੋਵੇਗਾ। ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਜੇ ਜਲੰਧਰ ਦੇ ਉਮੀਦਵਾਰ ਐਲਾਨਣੇ ਹਨ।
ਫ਼ਤਿਹਗੜ੍ਹ ਸਾਹਿਬ ਵਿਖੇ ਅਮਰ ਸਿੰਘ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖ਼ਾਲਸਾ, ਆਪ ਦੇ ਗੁਰਪ੍ਰੀਤ ਸਿੰਘ ਜੀਪੀ ਨਾਲ ਹੋਵੇਗਾ, ਜਦਕਿ ਬਾਕੀ ਪਾਰਟੀਆਂ ਨੇ ਇਸ ਸੀਟ ਲਈ ਅਜੇ ਉਮੀਦਵਾਰ ਨਹੀਂ ਐਲਾਨੇ।
ਬਠਿੰਡਾ ਤੋਂ ਜੀਤ ਮੋਹਿੰਦਰ ਸਿੰਘ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਖਵਿੰਦਰ ਸਿੰਘ (ਲੱਖਾ ਸਿਧਾਣਾ), ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਅਜੇ ਬਠਿੰਡਾ ਉਮੀਦਵਾਰ ਦਾ ਨਾਮ ਤੈਅ ਨਹੀਂ ਕਰ ਸਕਿਆ ਪਰ ਮੌਜੂਦਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਸੰਭਾਵਨਾ ਹੀ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਆਈਏਐੱਸ ਦੀ ਨੌਕਰੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਬਾਰੇ ਵੀ ਚਰਚਾ ਹੈ ਕਿ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਹੋ ਸਕਦੇ ਹਨ।
ਸੰਗਰੂਰ ਦੀ ਸੀਟ ਉੱਤੇ ਖੈਰੇ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੌਜੂਦਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾ, ਆਪ ਦੇ ਗੁਰਮੀਤ ਸਿੰਘ ਮੀਤ ਹੇਅਰ ਨਾਲ ਹੋਵੇਗਾ। ਭਾਜਪਾ ਨੇ ਅਜੇ ਸੰਗਰੂਰ ਦਾ ਉਮੀਦਵਾਰ ਨਹੀਂ ਐਲਾਨਿਆ।
ਪਟਿਆਲਾ ਤੋਂ ਡਾ. ਗਾਂਧੀ ਦਾ ਮੁਕਾਬਲਾ ਭਾਜਪਾ ਦੀ ਪਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਐੱਨ ਕੇ ਸ਼ਰਮਾ, ਆਪ ਦੇ ਬਲਬੀਰ ਸਿੰਘ ਨਾਲ ਹੋਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login