ਸਾਲ 2009 ਵਿੱਚ ਆਪਣੇ ਸਿੱਖੀ ਸਰੂਪ ਨਾਲ ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਲਈ ਆਗਿਆ ਪ੍ਰਾਪਤ ਕਰਨ ਵਾਲੇ ਪਹਿਲੇ ਸਾਬਤ ਸੂਰਤ ਦਸਤਾਰਧਾਰੀ ਸਿੱਖ, ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਅਗਾਮੀ ਮਾਰਚ 2024 ਵਾਲੀਆਂ ਸਿਟੀ ਕੌਂਸਲ ਚੋਣਾਂ ਵਿੱਚ ਕਾਊਂਸਲ ਮੈਂਬਰ ਵੱਜੋਂ ਚੋਣ ਲੜਨ ਲਈ ਆਪਣੇ ਨਾਂ ਦਾ ਐਲਾਨ ਕੀਤਾ ਹੈ।
ਕੌਂਸਲ ਦੇ ਚਾਰ ਮੈਂਬਰਾਂ ਨੂੰ ਚੁਨਣ ਲਈ, ਕੁੱਲ 8 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ ਰਤਨ ਹੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਚੋਣ ਲਈ ਸ਼ਹਿਰ ਵਾਸੀ 5 ਫ਼ਰਵਰੀ ਤੋਂ ਲੈ ਕੇ 5 ਮਾਰਚ 2024 ਤੱਕ ਵੋਟਾਂ ਪਾ ਸਕਦੇ ਹਨ।
ਡਾ. ਰਤਨ ਨੇ ਸਾਲ 2015 ਵਿੱਚ ਆਪਣੀ ਕੁੱਲ-ਵਕਤੀ ਫੌਜੀ ਸੇਵਾ ਦੀ ਸਮਾਪਤੀ ਤੋਂ ਬਾਅਦ ਮਾਊਨਟੇਨ ਹਾਊਸ ਸ਼ਹਿਰ ਵਿਖੇ ਆਪਣਾ ਘਰ ਖਰੀਦਿਆ ਜਿੱਥੇ ਉਹ ਆਪਣੀ ਪਤਨੀ ਜਸਜੀਤ ਕੌਰ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ। ਉਹ ਕਿੱਤੇ ਵੱਜੋਂ ਇੱਕ ਦੰਦਾਂ ਦੇ ਡਾਕਟਰ ਹੋਣ ਦੇ ਨਾਲ ਫੌਜ ਦੀ ਰਿਜ਼ਰਵ ਬਟਾਲੀਅਨ ਵਿੱਚ ਵੀ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਨਵੰਬਰ 2024 ਵਿੱਚ ਸ਼ੁਰੂ ਹੋਣ ਵਾਲੇ ਆਰਮੀ ਰਿਜ਼ਰਵ ਦੇ ਅਗਲੇ ਸੈਸ਼ਨ ਲਈ ਬਟਾਲੀਅਨ ਕਮਾਂਡ ਵਾਸਤੇ ਚੁਣਿਆ ਗਿਆ ਹੈ।
ਆਪਣੇ ਸਾਥੀਆਂ ਵਿੱਚ “ਟੀ ਜੇ” ਦੇ ਨਾਮ ਨਾਲ ਜਾਣੇ ਜਾਂਦੇ ਰਤਨ ਦਾ ਕਹਿਣਾ ਹੈ ਕਿ, “ਫੌਜ ਵਿੱਚ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ, ਅਮਰੀਕਾ ਦੇ ਸਭ ਤੋਂ ਨਵੇਂ ਸ਼ਹਿਰ ਵਜੋਂ ਮਾਨਤਾ ਪ੍ਰਾਪਤ ਮਾਊਨਟੇਨ ਹਾਊਸ ਦੀ ਸੁਰੱਖਿਆ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਨੂੰ ਵਿਕਸਤ ਕਰਨਾ ਮੇਰਾ ਮੁੱਖ ਮਕਸਦ ਹੈ। ਸਿਟੀ ਕੌਂਸਲ ਲਈ ਚੋਣ ਲੜਨ ਦਾ ਮੇਰਾ ਫੈਸਲਾ ਜਨਤਕ ਸੇਵਾ ਅਤੇ ਭਾਈਚਾਰਕ ਭਲਾਈ ਲਈ ਮੇਰੇ ਸਮਰਪਣ ਦਾ ਪ੍ਰਮਾਣ ਹੈ। ਯੂਐੱਸ ਆਰਮਡ ਫੋਰਸ ਵਿੱਚ ਮੇਰੀ ਭੂਮਿਕਾ ਅਤੇ ਵਿਲੱਖਣ ਤਜ਼ਰਬਾ, ਮੈਨੂੰ ਸਿਟੀ ਕੌਂਸਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿੱਚ ਸਹਾਈ ਹੋਵੇਗਾ।”
ਸ਼ਹਿਰ ਵਾਸੀਆਂ ਦੇ ਸਮਰਥਨ ਦੀ ਮਹੱਤਤਾ ਨੂੰ ਪਛਾਣਦੇ ਹੋਏ, ਡਾ. ਰਤਨ ਨੇ ਕਮਿਊਨਿਟੀ ਨੂੰ ਇੱਕ ਸਿਹਤਮੰਦ ਤੇ ਸੰਗਠਿਤ ਬਨਾਉਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਮਾਊਨਟੇਨ ਹਾਊਸ ਦੇ ਹਰੇਕ 7 ਪਿੰਡਾਂ ਵਿੱਚੋਂ ਘੱਟੋ-ਘੱਟ 6 ਵਲੰਟੀਅਰਾਂ ਨੂੰ ਇਸ ਚੋਣ ਮੁਹਿੰਮ ਵਿੱਚ ਉਨ੍ਹਾਂ ਨਾਲ ਮੌਢਾ ਜੋੜਨ ਦੀ ਬੇਨਤੀ ਕੀਤੀ ਹੈ। ਜਿਹੜੇ ਲੋਕ ਉਨ੍ਹਾਂ ਦਾ ਸਮਰਥਨ ਕਰਨ ਜਾਂ ਉਨ੍ਹਾਂ ਦੀ ਮੁਹਿੰਮ ਵਿੱਚ ਵਲੰਟੀਅਰ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਹ ਉਨ੍ਹਾਂ ਨਾਲ ਵੈਬਸਾਈਟ www.tjforcouncil.com ਰਾਹੀਂ ਸੰਪਰਕ ਕਰ ਸਕਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login