ਮੌਸਮ ਵਿਭਾਗ ਨੇ ਇੱਕ ਨਿਊਜ਼ ਕਾਨਫ਼੍ਰੰਸ ਵਿਚ ਦੱਸਿਆ ਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਵਾਰੀ ਔਸਤ ਨਾਲੋਂ ਵਧੇਰੇ ਗਰਮੀ ਪੈਣ ਦੀ ਸੰਭਾਵਨਾ ਹੈ। ਐਨਵਾਇਰਨਮੈਂਟ ਕੈਨੇਡਾ ਨੇ ਇਸ ਗਰਮੀਆਂ ਦੇ ਸੀਜ਼ਨ ਦੌਰਾਨ ਔਸਤ ਨਾਲੋਂ ਵਧੇਰੇ ਗਰਮ ਤਾਪਮਾਨ ਹੋਣ ਦੀ ਚਿਤਾਵਨੀ ਦਿੱਤੀ ਹੈ।
ਗਰਮੀ ਦੇ ਮੌਸਮ ਲਈ ਆਮ ਤੋਂ ਵੱਧ ਔਸਤ ਤਾਪਮਾਨ ਦੀ ਕਾਫ਼ੀ ਸੰਭਾਵਨਾ ਹੈ। ਇਹ ... ਇਹ ਨਹੀਂ ਦਰਸਾਉਂਦਾ ਕਿ ਤਾਪਮਾਨ ਦੇ ਆਮ ਨਾਲੋਂ ਕਿੰਨੇ ਵੱਧ ਰਹਿਣ ਦੀ ਉਮੀਦ ਹੈ, ਅਤੇ ਨਾ ਹੀ ਇਹ ਕਿ ਤਾਪਮਾਨ ਕਿੰਨਾ ਚਿਰ ਇਸ ਤਰ੍ਹਾਂ ਜਾਰੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੌਰਾਨ ਤਾਪਮਾਨ ਵਿਚ ਆਮ ਵਾਂਗ ਉਤਰਾਅ-ਚੜ੍ਹਾਅ ਵੀ ਆਉਣਗੇ।
ਔਸਤ ਨਾਲੋਂ ਵਧੇਰੇ ਤਾਪਮਾਨ ਜ਼ਿਆਦਾਤਰ ਕੈਨੇਡਾ ਦੇ ਉੱਤਰੀ ਹਿੱਸਿਆਂ ਵਿਚ ਹੋਵੇਗਾ, ਫਿਰ ਸਸਕੈਚਵਨ ਅਤੇ ਮੈਨੀਟੋਬਾ, ਦੱਖਣੀ ਓਨਟੇਰਿਓ, ਕਿਊਬੈਕ ਅਤੇ ਅਟਲਾਂਟਿਕ ਸੂਬਿਆਂ ਤੱਕ ਫ਼ੈਲਣ ਦੀ ਸੰਭਾਵਨਾ ਹੈ। ਕੈਨੇਡਾ ਵਿਚ ਬੀਸੀ ਦਾ ਤੱਟਵਰਤੀ ਇਲਾਕਾ ਹੀ ਉਹ ਹਿੱਸਾ ਹੈ, ਜਿੱਥੇ ਗਰਮੀਆਂ ਵਿਚ ਤਾਪਮਾਨ ਔਸਤ ਜਾਂ ਔਸਤ ਨਾਲੋਂ ਵੀ ਘੱਟ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਬੀਸੀ ਦੇ ਕੁਝ ਤੱਟਵਰਤੀ ਇਲਾਕਿਆਂ ਵਿਚ ਨੌਰਮਲ ਨਾਲੋਂ ਵਧੇਰੇ ਵਰਖਾ ਹੋ ਸਕਦੀ ਹੈ, ਪਰ ਦੱਖਣੀ ਐਲਬਰਟਾ ਅਤੇ ਸਸਕੈਚਵਨ ਅਤੇ ਉੱਤਰੀ ਓਨਟੇਰਿਓ ਤੇ ਨੋਵਾ ਸਕੋਸ਼ੀਆ ਵਿਚ ਔਸਤ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਕੀ ਮੁਲਕ ਲਈ, ਇਸ ਗਰਮੀਆਂ ਦੇ ਮੌਸਮ ਦੌਰਾਨ ਮੀਂਹ ਦੇ ਸਟੀਕ ਸੰਕੇਤ ਨਹੀਂ ਹਨ।
ਐਨਵਾਇਰਨਮੈਂਟ ਕੈਨੇਡਾ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਮੌਜੂਦਾ ਔਸਤ ਤੋਂ ਵੱਧ ਤਪਸ਼ ਲਈ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਕਾਰਨ ਮਨੁੱਖਾਂ ਕਰਕੇ ਹੋਈ ਜਲਵਾਯੂ ਤਬਦੀਲੀ ਹੈ, ਜਿਸ ਨਾਲ ਆਰਥਿਕ ਘਾਟੇ, ਵਾਤਾਵਰਣ ਨੂੰ ਨੁਕਸਾਨ ਅਤੇ ਮੌਤਾਂ ਵੀ ਹੋਈਆਂ ਹਨ।
Comments
Start the conversation
Become a member of New India Abroad to start commenting.
Sign Up Now
Already have an account? Login