ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਸ਼ੁੱਕਰਵਾਰ 10 ਮਈ ਨੂੰ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੀ ਵਿਸ਼ੇਸ਼ ਮੌਜੂਦਗੀ ਵਿਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਗਵਰਨਿੰਗ ਬਾਡੀ ਦੇ ਮੈਂਬਰ ਅਤੇ ਤਿੰਨ ਵਾਰ ਸਾਂਸਦ ਰਹਿ ਚੁੱਕੇ ਸੁਰੇਸ਼ ਚੰਦੇਲ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।
ਡਾ. ਐੱਸ ਜੈਸ਼ੰਕਰ ਦਾ ਸੰਧੂ ਦੇ ਨਾਮਜ਼ਦਗੀ ਮੌਕੇ ਸ਼ਾਮਿਲ ਹੋਣਾ ਸਿਆਸੀ ਹਲਕਿਆਂ ’ਚ ਵੱਡੀ ਅਹਿਮੀਅਤ ਰੱਖਦਾ ਹੈ। ਇਹ ਸੰਧੂ ਦੀ ਕਾਬਲੀਅਤ ਅਤੇ ਲਿਆਕਤ ਦਾ ਪਤਾ ਦਿੰਦਾ ਹੈ। ਨਿੱਜੀ ਗੱਲਬਾਤ ਦੌਰਾਨ ਡਾ. ਜੈਸ਼ੰਕਰ ਨੇ ਕਿਹਾ ਕਿ ਵੈਸੇ ਤਾਂ ਡਿਊਟੀ ਪਾਰਟੀ ਵੱਲੋਂ ਲਗਾਈ ਜਾਂਦੀ ਹੈ, ਪਰ ਮੈ ਤਰਨਜੀਤ ਸਿੰਘ ਸੰਧੂ ਨੂੰ ਸਮਰਥਨ ਦੇਣ ਲਈ ਖ਼ੁਦ ਬੇਨਤੀ ਕਰਕੇ ਸ੍ਰੀ ਅੰਮ੍ਰਿਤਸਰ ਆਉਣ ਦੀ ਡਿਊਟੀ ਲਗਾਈ ਹੈ।
ਇਸ ਮੌਕੇ ਕੇਂਦਰੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅੰਮ੍ਰਿਤਸਰ ਦੇ ਲੋਕ ਸਾਡੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਹੀ ਚੁਣ ਕੇ ਦਿਲੀ ਸਾਂਸਦ ਬਣਾ ਕੇ ਭੇਜਣਗੇ। ਸੰਧੂ ਸੰਸਦ ਦੇ ਇਕ ਬਹੁਤ ਚੰਗੇ ਸਾਂਸਦ ਮੈਂਬਰ ਹੋਣਗੇ। ਬਤੌਰ ਰਾਜਦੂਤ ਉਨ੍ਹਾਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ। ਜਿਸ ਨੇ ਦੇਸ਼ ਦੀ ਸੇਵਾ ਕੀਤੀ ਉਹ ਹੁਣ ਅੰਮ੍ਰਿਤਸਰ ਅਤੇ ਪੰਜਾਬ ਦੀ ਬੇਮਿਸਾਲ ਸੇਵਾ ਕਰਨਗੇ।
ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਇਸ਼ਾਰਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਦਿਲੀ ’ਚ ਲੋਕ ਇਨ੍ਹਾਂ ਦੀ ਬਹੁਤ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਧੂ ਦੀ ਕਾਬਲੀਅਤ ਅਤੇ ਲਿਆਕਤ ਦਾ ਕੋਈ ਮੁਕਾਬਲਾ ਨਹੀਂ। ਉਨ੍ਹਾਂ ਕਿਹਾ ਕਿ ਸੰਧੂ ਦੇ ਬਤੌਰ ਸਾਂਸਦ ਦਿਲੀ ਪਹੁੰਚਣ ਨਾਲ ਅੰਮ੍ਰਿਤਸਰ ਦੀ ਨੁਮਾਇੰਦਗੀ ਦੁਨੀਆ ’ਚ ਪਛਾਣ ਦਾ ਸਬੱਬ ਬਣੇਗਾ। ਸੰਧੂ ਸੰਸਦ ਵਿਚ ਪੰਜਾਬ ਦਾ ਪੱਖ ਅਤੇ ਅੰਮ੍ਰਿਤਸਰ ਦੇ ਹਿਤ ਨੂੰ ਅੱਗੇ ਰੱਖਣਗੇ ।
ਉਨ੍ਹਾਂ ਕਿਹਾ ਕਿ ਸੰਧੂ ਤੋਂ ਚੰਗਾ ਇਨਸਾਨ ਅਤੇ ਕਾਬਲ ਨੁਮਾਇੰਦਾ ਮਿਲਣਾ ਮੁਸ਼ਕਲ ਹੈ। ਉਨ੍ਹਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਦਾ ਸਮਰਥਨ ਕਰਨ ਲਈ ਅੰਮ੍ਰਿਤਸਰ ਆਇਆ ਹਾਂ ਅਤੇ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਉਨ੍ਹਾਂ ਦਾ ਜ਼ੋਰਦਾਰ ਸਮਰਥਨ ਕਰੋਗੇ।
ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ , ਉਦਯੋਗ ਅਤੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਚਾਰਾਜੋਈ ਕਰਨਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਮੋਦੀ ਸਰਕਾਰ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸ਼ਹਿਰ ਦੀ ਸੀਵਰੇਜ ਸਿਸਟਮ ਨੂੰ ਠੀਕ ਕਰਨ ਅਤੇ ਕਿਸਾਨ ਅਤੇ ਹਰ ਵਰਗ ਦੀ ਆਮਦਨ ਵਧਾਉਣ ਦਾ ਪੁਰਜ਼ੋਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਮਾਡਲ ਮੁਤਾਬਕ ਸ਼ਹਿਰ ਨੂੰ ਇੰਦੌਰ ਦੀ ਤਰਾਂ ਸਾਫ਼ ਅਤੇ ਸਵੱਛ ਬਣਾਇਆ ਜਾਵੇਗਾ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਭਾਜਪਾ ਉਮੀਦਵਾਰ ਸੰਧੂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਰੋਡ ਸ਼ੋਅ ਕੀਤਾ ਗਿਆ। ਉਹ ਸਥਾਨਕ ਨਾਵਲਟੀ ਚੌਕ ਲਾਰੰਸ ਰੋਡ ਤੋਂ ਇਕ ਵੱਡੇ ਕਾਫ਼ਲੇ ਦੇ ਰੂਪ ’ਚ ਜ਼ਿਲ੍ਹਾ ਕਚਹਿਰੀ ਵਿਖੇ ਪਹੁੰਚਿਆ।
ਸੰਧੂ ਨੇ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਨਾਮ ਨਾਲ ਜੋੜਿਆ
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਨਾਮ ਹੁਣ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਨਾਮ ਨਾਲ ਜੋੜ ਰਹੇ ਹਨ। ਸੰਧੂ ਪਹਿਲਾਂ ਆਪਣਾ ਨਾਮ ਕੇਵਲ ‘ਤਰਨਜੀਤ ਸਿੰਘ ਸੰਧੂ’ ਲਿਖ ਰਹੇ ਸਨ ਪਰ ਹੁਣ ਚੋਣ ਪ੍ਰਚਾਰ ਦੌਰਾਨ ਉਹ ‘ਤਰਨਜੀਤ ਸਿੰਘ ਸੰਧੂ ਸਮੁੰਦਰੀ’ ਲਿਖ ਰਹੇ ਹਨ। ਦਰਅਸਲ ਤੇਜਾ ਸਿੰਘ ਸਮੁੰਦਰੀ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਅਤੇ ਉਨ੍ਹਾਂ ਦੇ ਨਾਮ ਉੱਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਵੀ ਤੇਜਾ ਸਿੰਘ ਸਮੁੰਦਰੀ ਦੇ ਨਾਮ ਉੱਤੇ ਹੈ।
ਨਾਮ ਬਦਲਣ ਸਬੰਧੀ ਸੰਧੂ ਨੇ ਕਿਹਾ ਕਿ ਉਹ ਆਪਣੇ ਬਜੁਰਗਾਂ ਵੱਲੋਂ ਕੀਤੀ ਗਈ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਦਿਆਂ ਹੋਏ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਲਈ ਤਿਆਰ ਹਨ। ਸਮੁੰਦਰੀ ਨਾਮ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹਨ ਅਤੇ ਅੰਮ੍ਰਿਤਸਰ ਸ਼ਹਿਰ ਅੰਦਰ ਵੱਡੀ ਗਿਣਤੀ ਸਿੱਖ ਵੋਟਰਾਂ ਦੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login