ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਹਾ ਕਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਸਥਾਨਕ ਪੁਲਿਸ ਵੱਲੋਂ ਆਪਣੇ ਕੋਲ ਰੱਖਣ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਕਤਰ ਵਿਖੇ ਭਾਰਤੀ ਅੰਬੈਸਡਰ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਉੱਪਰ ਹੈ ਅਤੇ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਆਪਣੇ ਕੋਲ ਰੱਖਣਾ ਵੱਡਾ ਨਿਰਾਦਰ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਮਾਮਲਾ ਬੀਤੇ ਦਿਨੀਂ ਬਰਤਾਨੀਆ ਦੀ ਸਿੱਖ ਸੰਸਥਾ ਭਾਈ ਘਨ੍ਹਈਆ ਹਿਊਮੈਨੀਟੇਰੀਅਨ ਏਡ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਦੀ ਪੈਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੋਏ ਆਦੇਸ਼ ਦੀ ਰੋਸ਼ਨੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਦੋਹਾ ਕਤਰ ਵਿਖੇ ਭਾਰਤੀ ਅੰਬੈਸਡਰ ਨੂੰ ਪੱਤਰ ਵੀ ਲਿਖੇ ਗਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਭਾਈ ਘਨ੍ਹਈਆ ਹਿਊਮੈਨੀਟੇਰੀਅਨ ਏਡ ਵੱਲੋਂ ਇਹ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਦਸੰਬਰ 2023 ਵਿੱਚ ਕਤਰ ਦੀ ਦੋਹਾ ਪੁਲਿਸ ਵੱਲੋਂ ਇੱਕ ਸਿੱਖ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ, ਪਰੰਤੂ ਉਸ ਪਾਸੋਂ ਪ੍ਰਾਪਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾਂ ਨੂੰ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਥਾਣੇ ਵਿੱਚ ਹੀ ਰੱਖਿਆ ਹੋਇਆ ਹੈ, ਜੋ ਕਿ ਗੁਰੂ ਸਾਹਿਬ ਦਾ ਵੱਡਾ ਨਿਰਾਦਰ ਹੈ।
ਉਨ੍ਹਾਂ ਕਿਹਾ ਕਿ ਦੋਹਾ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਸਿੱਖ ਬਿਰਕਤ ਅਲ-ਅਵਾਮੇਰ ਵਿਖੇ ਆਪਣੀ ਜਾਇਦਾਦ ਵਿੱਚ ਸਥਾਪਿਤ ਕੀਤੇ ਗੁਰਦੁਆਰਾ ਸਾਹਿਬ ’ਚ ਪ੍ਰਾਈਵੇਟ (ਨਿੱਜੀ) ਰੂਪ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਰੋਜ਼ਾਨਾ ਮਰਯਾਦਾ ਅਨੁਸਾਰ ਲੋਕਲ ਸਿੱਖਾਂ ਨਾਲ ਸੰਗਤ ਕਰਦਾ ਸੀ, ਪਰੰਤੂ ਕਤਰ ਸਰਕਾਰ ਦੀਆਂ ਗ਼ੈਰ-ਇਸਲਾਮੀ ਧਰਮਾਂ ਉੱਤੇ ਸਖ਼ਤ ਪਾਬੰਦੀਆਂ ਕਾਰਨ ਉਸ ਨੂੰ ਅਜਿਹਾ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ। ਇਸੇ ਦੌਰਾਨ ਉਸ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਪ੍ਰਾਪਤ ਕੀਤੇ ਗਏ ਸਨ ਅਤੇ ਦੋਹਾ ਦੇ ਅਲ ਵਕਾਰਾ ਪੁਲਿਸ ਥਾਣੇ ਵਿਖੇ ਰੱਖ ਦਿੱਤੇ ਗਏ ਸਨ, ਜੋ ਕਿ ਹੁਣ ਤੱਕ ਉੱਥੇ ਹੀ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਅਤੇ ਦੋਹਾ ਕਤਰ ਵਿਖੇ ਭਾਰਤ ਦੇ ਅੰਬੈਸਡਰ ਸ੍ਰੀ ਵਿਪੁਲ ਨੂੰ ਪੱਤਰ ਲਿਖ ਕਿ ਮੰਗ ਕੀਤੀ ਗਈ ਹੈ ਕਿ ਉਹ ਦੋਹਾ ਦੇ ਅਲ ਵਕਾਰਾ ਪੁਲਿਸ ਥਾਣੇ ਵਿੱਚੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਦਬ ਅਤੇ ਸਿੱਖ ਮਰਯਾਦਾ ਅਨੁਸਾਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਸੁਭਾਇਮਾਨ ਕਰਵਾਉਣ ਲਈ ਤੁਰੰਤ ਕਾਰਵਾਈ ਕਰਨ।
ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਕੀਤੀ ਅਪੀਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਕਤਰ ਵਿਚ ਪੁਲਿਸ ਹਿਰਾਸਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੁਰੰਤ ਛੱਡਣ ਦਾ ਮੁੱਦਾ ਚੁੱਕਣ।
ਕੇਂਦਰੀ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਜਿਸ ਤਰੀਕੇ ਤਕਰੀਬਨ 8 ਮਹੀਨੇ ਪਹਿਲਾਂ ਇਹ ਦੋ ਪਾਵਨ ਸਰੂਪ ਪੁਲਿਸ ਨੇ ਜ਼ਬਤ ਕੀਤੇ, ਉਸ ਤੋਂ ਸਿੱਖ ਸੰਗਤ ਬਹੁਤ ਪ੍ਰੇਸ਼ਾਨ ਹੈ। ਉਹਨਾਂ ਕਿਹਾ ਕਿ ਤਕਰੀਬਨ ਪਿਛਲੇ 35 ਸਾਲਾਂ ਤੋਂ ਦੋਹਾ ਵਿਚ ਦੋ ਵੱਖ-ਵੱਖ ਥਾਵਾਂ ’ਤੇ ਪਵਿੱਤਰ ਸਰੂਪ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਵਿੱਤਰ ਸਰੂਪਾਂ ਨੂੰ ’ਕੇਸ ਪ੍ਰਾਪਰਟੀ’ ਬਣਾਇਆ ਹੋਇਆ ਹੈ ਜਿਸ ਨਾਲ ਦੋਹਾ ਵਿਚ ਸਿੱਖ ਸੰਗਤ ਦੇ ਹਿਰਦੇ ਵਲੂੰਧਰੇਗਏ ਹਨ ਤੇ ਉਹ ਪੁਲਿਸ ਹਿਰਾਸਤ ਵਿਚੋਂ ਸਰੂਪ ਛੁਡਵਾਉਣ ਲਈ ਯਤਨਸ਼ੀਲ ਹੈ ਪਰ ਉਸਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਉਹਨਾਂ ਕਿਹਾ ਕਿ ਇਸ ਨਾਲ ਕਤਰ ਤੇ ਹੋਰ ਥਾਵਾਂ ਵਿਚਲੀ ਸਿੱਖ ਸੰਗਤ ਬਹੁਤ ਪ੍ਰੇਸ਼ਾਨ ਹੈ।
Comments
Start the conversation
Become a member of New India Abroad to start commenting.
Sign Up Now
Already have an account? Login