ਮੈਲਬੌਰਨ: ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀ ਲੈ ਰਹੀਆਂ। ਹੁਣ ਵਿਦੇਸ਼ਾਂ ਦੀ ਧਰਤੀ ਤੋਂ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ। ਬੀਤੇ ਦਿਨੀਂ ਪਰਥ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਕਿਸੇ ਸਿਰਫਿਰੇ ਵੱਲੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗ ਖੇਰੂੰ-ਖੇਰੂੰ ਕਰਕੇ ਟਾਇਲਟ ਵਿੱਚ ਸੁੱਟ ਕੇ ਸਾਰਾ ਕੁਝ ਕੈਮਰੇ ਵਿੱਚ ਕੈਦ ਕੀਤਾ ਗਿਆ ਅਤੇ ਗੁਰਬਾਣੀ ਦੀ ਘੋਰ ਬੇਅਦਬੀ ਦੀ ਇਹ ਵੀਡੀਓ ਜਨਤਕ ਕਰਨ ਦੀ ਘਿਨਾਉਣੀ ਹਰਕਤ ਕੀਤੀ ਗਈ। ਇਸ ਘਟਨਾ ਤੋਂ ਬਾਅਦ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਬੁਰੀ ਤਰਾਂ ਵਲੂੰਧਰੇ ਗਏ ਹਨ।
ਆਸਟ੍ਰੇਲੀਆ ਵਿੱਚ ਵੱਸਦੇ ਸਮੂਹ ਸਿੱਖਾਂ ਵੱਲੋਂ ਇਸ ਅਣਹੋਣੀ ਘਟਨਾ ਤੋਂ ਬਾਅਦ ਆਪਣਾ ਰੋਸ ਪ੍ਰਗਟ ਕਰਨ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਸਟਰੇਲੀਆ ਭਰ ਵਿੱਚ ਸਿੱਖ ਸੰਗਤਾਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਿੱਖ ਸੰਸਥਾਵਾਂ ਵੱਲੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਮੈਲਬੌਰਨ ਦੇ ਫੈਡਰੇਸ਼ਨ ਸੁਕੇਅਰ ਤੋਂ ਲੈ ਕੇ ਸਟੇਟ ਲਾਇਬਰੇਰੀ ਤੱਕ ਮੰਗਲਵਾਰ ਨੂੰ ਬਹੁਤ ਜ਼ਬਰਦਸਤ ਰੋਸ ਮਾਰਚ ਕੀਤਾ ਗਿਆ। ਸਰਕਾਰ ਤੋਂ ਇਸ ਬੇਹੱਦ ਘਿਨਾਉਣੀ ਹਰਕਤ ਦੀ ਡੂੰਘਾਈ ਨਾਲ ਜਾਂਚ ਕਰਕੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਕੋਈ ਇਸ ਤਰਾਂ ਦੀ ਅਣਹੋਣੀ ਘਟਨਾ ਨਾਂ ਵਾਪਰੇ।
ਸਿੱਖ ਸੰਗਤ ਵੱਲੋਂ ਤਸਮਾਨੀਆ ਸੂਬੇ ਦੇ ਸ਼ਹਿਰ ਹੋਬਾਰਟ ਚ' ਪਾਰਲੀਮੈਂਟ ਬਾਹਰ “ ਜਾਗਰੂਕਤਾ ਇਕੱਠ “ ਕੀਤਾ ਗਿਆ ਤੇ ਪੁਲਸ ਅਤੇ ਪ੍ਰਸ਼ਾਸ਼ਨ ਤੋਂ ਇਸ ਸਿਲਸਿਲੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ । ਵੈਸਟਰਨ ਆਸਟਰੇਲੀਆ ਦੀ ਪੁਲਸ ਨੇ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਰੰਭੀਰਤਾ ਨੂੰ ਦੇਖਦੇ ਹੋਏ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਤੇ ਇਸ ਸੰਬੰਧ ਵਿੱਚ ਇੱਕ 20 ਸਾਲਾ ਵਿਅਕਤੀ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login