ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਵਿੱਚ ਇੱਕ ਹੋਰ ਭਾਰਤੀ ਨੌਜਵਾਨ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਮੁਹੰਮਦ ਅਸਫਾਨ ਵਜੋਂ ਹੋਈ ਹੈ, ਜਿਸ ਦੀ ਮੌਤ ਦੀ ਪੁਸ਼ਟੀ ਰੂਸ ਅੰਦਰ ਭਾਰਤ ਦੇ ਦੂਤਾਵਾਸ ਨੇ ਆਪਣੇ ਐਕਸ ਪੋਸਟ ਰਾਹੀਂ ਬੁੱਧਵਾਰ 6 ਮਾਰਚ ਨੂੰ ਕੀਤੀ।
ਮੁਹੰਮਦ ਅਸਫਾਨ ਹੈਦਰਾਬਾਦ ਦਾ ਰਹਿਣ ਵਾਲਾ। ਭਾਰਤੀ ਦੂਤਾਵਾਸ ਵੱਲੋਂ ਅਸਫਾਨ ਦੇ ਭਰਾ ਮੁਹੰਮਦ ਇਮਰਾਨ ਨੂੰ ਫ਼ੋਨ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਸਦੀ ਰੂਸ ਅੰਦਰ ਮੌਤ ਹੋ ਗਈ ਹੈ। ਹਾਲਾਂਕਿ ਭਾਰਤੀ ਦੂਤਾਵਾਸ ਨੇ ਆਪਣੇ ਐਕਸ ਪੋਸਟ ਵਿੱਚ ਅਸਫਾਨ ਦੇ ਮੌਤ ਦੇ ਕਾਰਨਾਂ ਬਾਰੇ ਕੋਈ ਗੱਲ ਨਹੀਂ ਕੀਤੀ।
ਜਾਣਕਾਰੀ ਮੁਤਾਬਕ ਮੁਹੰਮਦ ਅਸਫਾਨ ਨੂੰ ਕਈ ਹੋਰ ਭਾਰਤੀਆਂ ਵਾਂਗ ਕਥਿਤ ਤੌਰ ’ਤੇ ਏਜੰਟਾਂ ਵੱਲੋਂ ਗੁੰਮਰਾਹ ਕੀਤਾ ਗਿਆ ਸੀ ਅਤੇ ਰੂਸੀ ਫੌਜ ਅੰਦਰ ‘ਸਹਾਇਕ’ ਵਜੋਂ ਕੰਮ ਨੇ ਨਾਮ ਰੂਸ ਭੇਜਿਆ ਗਿਆ।
ਹਾਲ ਹੀ ਵਿੱਚ ਇਸੇ ਤਰ੍ਹਾਂ ਗੁਜਰਾਤ ਦਾ 23 ਸਾਲਾ ਭਾਰਤੀ ਨੌਜਵਾਨ ਹੇਮਿਲ ਅਸ਼ਵਿਨਭਾਈ ਮਾਂਗੁਕੀਆ ਰੂਸ-ਯੂਕਰੇਨ ਸਰਹੱਦ 'ਤੇ ਡੋਨੇਟਸਕ ਖੇਤਰ 'ਚ ਯੂਕਰੇਨ ਦੇ ਹਵਾਈ ਹਮਲੇ 'ਚ ਮਾਰਿਆ ਗਿਆ ਸੀ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ 7 ਭਾਰਤੀਆਂ ਨੇ ਭਾਰਤੀ ਮੀਡੀਆ ਨੂੰ ਇੱਕ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰੂਸ ਤੋਂ ਤੁਰੰਤ ਬਾਹਰ ਕੱਢਿਆ ਜਾਵੇ। ਭਾਰਤੀ ਨੌਜਵਾਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਈ। ਵਾਇਰਲ ਹੋਈ ਵੀਡੀਓ ਵਿੱਚ, ਸੱਤ ਵਿਅਕਤੀਆਂ (ਸਾਰੇ ਭਾਰਤੀਆਂ) ਨੂੰ ਇੱਕ ਕਮਰੇ ਦੇ ਅੰਦਰ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਫੌਜ ਦੀ ਵਰਦੀ ਪਾਈ ਹੋਈ ਹੈ। ਇੱਕ ਬੰਦ ਖਿੜਕੀ ਵਾਲੇ ਕਮਰੇ ਵਿੱਚ ਰਿਕਾਰਡ ਕੀਤੇ ਵੀਡੀਓ ਵਿੱਚ ਇੱਕ ਵਿਅਕਤੀ ਬੋਲ ਰਿਹਾ ਹੈ ਜਦਕਿ ਛੇ ਇੱਕ ਕੋਨੇ ਵਿੱਚ ਖੜ੍ਹੇ ਦਿਖ ਰਹੇ ਹਨ।
“ਅਸੀਂ 27 ਦਸੰਬਰ ਨੂੰ ਨਵੇਂ ਸਾਲ ਲਈ ਸੈਲਾਨੀਆਂ ਦੇ ਰੂਪ ਵਿੱਚ ਰੂਸ ਦਾ ਦੌਰਾ ਕਰਨ ਲਈ ਆਏ ਅਤੇ ਇੱਕ ਏਜੰਟ ਨੂੰ ਮਿਲੇ ਜਿਸਨੇ ਸਾਨੂੰ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਵਿੱਚ ਮਦਦ ਕੀਤੀ। ਉਸਨੇ ਸਾਨੂੰ ਬੇਲਾਰੂਸ ਲੈ ਜਾਣ ਦੀ ਪੇਸ਼ਕਸ਼ ਕੀਤੀ, ਪਰ ਸਾਨੂੰ ਪਤਾ ਨਹੀਂ ਸੀ ਕਿ ਸਾਨੂੰ ਦੇਸ਼ ਲਈ ਵੀਜ਼ਾ ਚਾਹੀਦਾ ਹੈ। ਅਸੀਂ ਬੇਲਾਰੂਸ ਗਏ ਜਿੱਥੇ ਅਸੀਂ ਉਸ ਨੂੰ ਪੈਸੇ ਦਿੱਤੇ, ਪਰ ਉਸ ਨੇ ਹੋਰ ਪੈਸਿਆਂ ਦੀ ਮੰਗ ਕੀਤੀ। ਉਸਨੇ ਸਾਨੂੰ ਹਾਈਵੇਅ 'ਤੇ ਛੱਡ ਦਿੱਤਾ ਕਿਉਂਕਿ ਸਾਡੇ ਕੋਲ ਉਸਨੂੰ ਭੁਗਤਾਨ ਕਰਨ ਲਈ ਪੈਸੇ ਨਹੀਂ ਸਨ”, ਵਿਡੀਓ ਵਿੱਚ ਭਾਰਤੀ ਹਿੰਦੀ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ।
“ਫਿਰ ਸਾਨੂੰ ਪੁਲਿਸ ਨੇ ਫੜ ਲਿਆ ਜਿਸ ਨੇ ਸਾਨੂੰ ਰੂਸੀ ਫੌਜ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਸਾਨੂੰ ਤਿੰਨ ਚਾਰ ਦਿਨਾਂ ਲਈ ਕਿਸੇ ਅਣਜਾਣ ਥਾਂ 'ਤੇ ਬੰਦ ਰੱਖਿਆ। ਬਾਅਦ ਵਿੱਚ ਉਨ੍ਹਾਂ ਨੇ ਸਾਨੂੰ ਹੈਲਪਰਾਂ, ਡਰਾਈਵਰਾਂ ਅਤੇ ਰਸੋਈਏ ਵਜੋਂ ਕੰਮ ਕਰਨ ਲਈ ਉਨ੍ਹਾਂ ਨਾਲ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਅਤੇ ਅਜਿਹਾ ਨਾ ਕਰਨ 'ਤੇ ਸਾਨੂੰ 10 ਸਾਲਾਂ ਲਈ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਇਕਰਾਰਨਾਮਾ ਉਨ੍ਹਾਂ ਦੀ ਭਾਸ਼ਾ ਵਿਚ ਸੀ ਜਿਸ ਨੂੰ ਅਸੀਂ ਸਮਝ ਨਹੀਂ ਸਕੇ, ਪਰ ਅਸੀਂ ਦਸਤਖ਼ਤ ਕਰ ਦਿੱਤੇ। ਉਨ੍ਹਾਂ ਨੇ ਸਾਨੂੰ ਇੱਕ ਸਿਖਲਾਈ ਕੇਂਦਰ ਵਿੱਚ ਦਾਖਲ ਕਰਵਾਇਆ ਅਤੇ ਸਾਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਸਾਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਅਤੇ ਸਿਖਲਾਈ ਦਿੱਤੀ”, ਨੌਜਵਾਨਾਂ ਨੇ ਵੀਡੀਓ ਵਿੱਚ ਦਾਅਵਾ ਕੀਤਾ।
“ਸਿਖਲਾਈ ਤੋਂ ਬਾਅਦ, ਸਾਨੂੰ ਯੂਕਰੇਨ ਵਿੱਚ ਛੱਡ ਦਿੱਤਾ ਗਿਆ ਅਤੇ ਉਨ੍ਹਾਂ ਨੇ ਸਾਡੇ ਕੁਝ ਦੋਸਤਾਂ ਨੂੰ ਫਰੰਟਲਾਈਨ 'ਤੇ ਰੱਖਿਆ। ਅਤੇ ਹੁਣ ਉਹ ਕਹਿ ਰਹੇ ਹਨ ਕਿ ਉਹ ਸਾਨੂੰ ਵੀ ਫਰੰਟਲਾਈਨ 'ਤੇ ਧੱਕਣਗੇ। ਅਸੀਂ ਕਿਸੇ ਵੀ ਜੰਗ ਲਈ ਤਿਆਰ ਨਹੀਂ ਹਾਂ ਅਤੇ ਅਸੀਂ ਬੰਦੂਕਾਂ ਸਹੀ ਢੰਗ ਨਾਲ ਫੜਨਾ ਵੀ ਨਹੀਂ ਜਾਣਦੇ, ਪਰ ਉਹ ਸਾਨੂੰ ਯੂਕਰੇਨ ਦੇ ਖਿਲਾਫ ਜੰਗ ਵਿੱਚ ਲੜਨ ਲਈ ਮਜਬੂਰ ਕਰ ਰਹੇ ਹਨ। ਅਸੀਂ ਉਮੀਦ ਕਰ ਰਹੇ ਹਾਂ ਕਿ ਭਾਰਤ ਸਰਕਾਰ ਅਤੇ ਦੂਤਾਵਾਸ ਸਾਡੀ ਮਦਦ ਕਰਨਗੇ”, ਨੌਜਵਾਨ ਨੇ ਅੱਗੇ ਕਿਹਾ।
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ, ਕਸ਼ਮੀਰ, ਕਰਨਾਟਕ, ਗੁਜਰਾਤ ਤੇ ਤੇਲੰਗਾਨਾ ਆਦਿ ਸੂਬਿਆਂ ਦੇ ਭਾਰਤੀ ਰੂਸ-ਯੂਕਰੇਨ ਜੰਗ ਵਿਚਕਾਰ ਫਸੇ ਹੋਏ ਹਨ। ਪਿਛਲੇ ਹਫ਼ਤੇ ਆਪਣੇ ਮੀਡੀਆ ਸੰਬੋਧਨ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਰੂਸੀ ਫੌਜ ਨਾਲ ਸਹਾਇਕ ਅਤੇ ਸਹਿਯੋਗੀ ਸਟਾਫ਼ ਵਜੋਂ ਕੰਮ ਕਰ ਰਹੇ 20 ਭਾਰਤੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਦਦ ਮੰਗੀ ਹੈ।
“ਸਾਨੂੰ ਇਹ ਸਮਝ ਹੈ ਕਿ 20 ਲੋਕ ਫਸੇ ਹੋਏ ਹਨ। ਅਸੀਂ ਉਨ੍ਹਾਂ ਦੇ ਜਲਦੀ ਬਾਹਰ ਕੱਢਣ ਲਈ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ... ਅਸੀਂ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਯੁੱਧ ਖੇਤਰ ਵਿੱਚ ਨਾ ਜਾਣ ਜਾਂ ਮੁਸ਼ਕਲ ਸਥਿਤੀਆਂ ਵਿੱਚ ਨਾ ਫਸਣ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਇੱਥੇ ਨਵੀਂ ਦਿੱਲੀ ਅਤੇ ਮੌਸਕੋ ਦੋਵਾਂ ਵਿੱਚ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ, ਨਿਯਮਤ ਸੰਪਰਕ ਵਿੱਚ ਹਾਂ ਅਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਪਣੇ ਸਾਰੇ ਭਾਰਤੀਆਂ ਦੀ ਭਲਾਈ ਲਈ ਡੂੰਘਾਈ ਨਾਲ ਵਚਨਬੱਧ ਹਾਂ”, ਜੈਸਵਾਲ ਨੇ ਕਿਹਾ।
ਬੁਲਾਰੇ ਨੇ ਕਿਹਾ ਕਿ ਭਾਰਤੀ ਵੱਖ-ਵੱਖ ਥਾਵਾਂ 'ਤੇ ਹਨ ਅਤੇ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਬਾਹਰ ਕੱਢਣ ਲਈ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।
Comments
Start the conversation
Become a member of New India Abroad to start commenting.
Sign Up Now
Already have an account? Login