ਲੰਡਨ - ਵੁਲਵਰਹੈਂਪਟਨ ਵਿੱਚ ਇੱਕ ਸਿੱਖ ਪਰਿਵਾਰ ਦੇ ਘਰ ਰਾਤ ਨੂੰ ਇੱਕ ਵਿਅਕਤੀ ਵੱਲੋਂ ਜਾਣਬੁੱਝ ਕੇ ਪੈਟਰੋਲ ਦੇ ਡੱਬੇ ਦੀ ਵਰਤੋਂ ਕਰਕੇ ਘਰ ਨੂੰ ਅੱਗ ਲਾਉਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਜਾਨਲੇਵਾ ਹਮਲੇ ਦੌਰਾਨ ਭਿਆਨਕ ਅੱਗ ਪੂਰੇ ਘਰ ਵਿੱਚ ਫੈਲ ਗਈ ਸੀ , ਜਿਸ ਨਾਲ ਪਰਿਵਾਰ ਦੇ 26 ਸਾਲਾ ਪੁੱਤਰ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਚਾਰ ਹੋਰ ਮੈਂਬਰ ਜ਼ਖਮੀ ਹੋ ਗਏ। ਹਮਲਾ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ, ਅਤੇ ਵੈਸਟ ਮਿਡਲੈਂਡਜ਼ ਪੁਲਿਸ ਨੇ ਮੰਗਲਵਾਰ ਨੂੰ ਫੁਟੇਜ ਜਾਰੀ ਕੀਤੀ। ਵੀਡੀਓ ਵਿੱਚ 25 ਜੂਨ ਨੂੰ ਸਵੇਰੇ 1 ਵਜੇ, ਪਲਾਸਕੌਮ ਰੋਡ, ਈਸਟ ਪਾਰਕ 'ਤੇ ਇੱਕ ਘਰ ਦੀ ਗਰਾਊਂਡ ਫਲੋਰ ਦੀ ਖਿੜਕੀ ਨੂੰ ਤੋੜਦੇ ਹੋਏ ਕਾਲੇ ਕੱਪੜਿਆਂ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਹੈ। ਫਿਰ ਉਹ ਇੱਕ ਪੈਟਰੋਲ ਡੱਬਾ ਅੰਦਰ ਸੁੱਟਦਾ ਹੈ, ਜਿਸ ਨਾਲ ਘਰ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਆਰੋਪੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ।
ਅੱਗ ਲਗਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 1.10 ਵਜੇ ਘਰ ਬੁਲਾਇਆ ਜਾਂਦਾ ਹੈ।
ਜਦੋਂ ਘਰ ਵਿੱਚ ਅੱਗ ਲਗਣ ਦੀ ਘਟਨਾ ਵਾਪਰੀ ਤਾਂ ਇਸ ਸਿੱਖ ਪਰਿਵਾਰ ਦੇ ਪੰਜ ਮੈਂਬਰ ਘਰ ਵਿੱਚ ਮੌਜੂਦ ਸੀ , ਜਿੰਨ੍ਹਾਂ ਨੂੰ ਜਖਮੀ ਹਾਲਤ ਵਿੱਚ ਅਸਪਤਾਲ ਪਹੁੰਚਾਇਆ ਗਿਆ। ਪਰ ਬਦਕਿਸਮਤੀ ਨਾਲ ਪਰਿਵਾਰ ਦੇ 26 ਸਾਲਾਂ ਪੁੱਤਰ ਅਕਾਸ਼ਦੀਪ ਨੂੰ ਅਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਸ ਘਟਨਾ ਦੇ ਦੋ ਹਫਤੇ ਬਾਅਦ ਇੱਕ 52 ਸਾਲਾ ਔਰਤ ਅਤੇ ਇੱਕ 16 ਸਾਲਾ ਲੜਕਾ ਅਜੇ ਵੀ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਹਨ ਅਤੇ ਦੋ ਵਿਅਕਤੀਆਂ ਨੂੰ , ਮਾਮੂਲੀ ਸੱਟਾਂ ਦੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿੰਘ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਸਾਡਾ ਪਰਿਵਾਰ ਅਕਾਸ਼ਦੀਪ ਸਿੰਘ ਦੀ ਮੌਤ ਤੋਂ ਡੂੰਘੇ ਸਦਮੇ ਵਿੱਚ ਹੈ। ਉਹ ਇੱਕ ਦਿਆਲੂ, ਮਦਦਗਾਰ ਅਤੇ ਡੂੰਘੇ ਧਾਰਮਿਕ ਵਿਅਕਤੀ ਸਨ। ਉਹਨਾਂ ਦੇ ਵਿਛੋੜੇ ਨਾਲ ਸਾਨੂੰ ਬਹੁਤ ਦੁੱਖ ਹੋਇਆ ਹੈ ਜੋ ਹਮੇਸ਼ਾ ਸਾਡੇ ਨਾਲ ਰਹੇਗਾ।
ਮੇਜਰ ਕ੍ਰਾਈਮ ਯੂਨਿਟ ਦੇ ਡਿਪਟੀ ਸੁਪਰਡੈਂਟ ਸ਼ੌਨ ਐਡਵਰਡਸ ਨੇ ਕਿਹਾ: "ਇਹ ਇੱਕ ਪਰਿਵਾਰ ਦੇ ਘਰ 'ਤੇ ਸੱਚਮੁੱਚ ਹੈਰਾਨ ਕਰਨ ਵਾਲਾ ਅਤੇ ਬੇਰਹਿਮ ਹਮਲਾ ਹੈ, ਜਿਸ ਦੇ ਨਤੀਜੇ ਵਜੋਂ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਅਤੇ ਪਰਿਵਾਰ ਦੇ ਦੋ ਹੋਰ ਮੈਂਬਰ ਅਜੇ ਵੀ ਗੰਭੀਰ ਰੂਪ ਨਾਲ ਜ਼ਖਮੀ ਹਨ। " ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਅਪਰਾਧੀ ਨੂੰ ਸੜਨ ਦੀਆਂ ਸੱਟਾਂ ਲੱਗੀਆਂ ਹੋ ਸਕਦੀਆਂ ਹਨ ਅਤੇ ਉਮੀਦ ਹੈ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਅਪਰਾਧੀ ਨੂੰ ਛੇਤੀ ਫੜਣ ਵਿੱਚ ਮਦਦ ਮਿਲੇ।
Comments
Start the conversation
Become a member of New India Abroad to start commenting.
Sign Up Now
Already have an account? Login