ਸਿੱਖ ਪੰਥਕ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਹਲਚਲ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ 17 ਫ਼ਰਵਰੀ ਨੂੰ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੀ ਭਰਤੀ ਲਈ ਬਣੀ 7-ਮੈਂਬਰੀ ਕਮੇਟੀ ਦੇ ਮੁਖੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਧਾਮੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਸੱਦੀ ਪ੍ਰੈਸ ਕਾਨਫਰੰਸ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਫੇਸਬੁੱਕ ਪੋਸਟ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਨੂੰ ਨਿੰਦਣਯੋਗ ਤੇ ਮੰਦਭਾਗਾ ਕਰਾਰ ਦਿੱਤਾ ਹੈ। “ਗਿਆਨੀ ਹਰਪ੍ਰੀਤ ਸਿੰਘ ਨੂੰ ਵਿਹਲਾ ਕਰਨ ਦੀ ਕਾਰਵਾਈ ਦੀ ਨੈਤਿਕ ਤੌਰ ’ਤੇ ਜ਼ਿੰਮੇਵਾਰੀ ਲੈਂਦਿਆਂ ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ 7-ਮੈਂਬਰੀ ਕਮੇਟੀ ਦੇ ਮੁਖੀ ਵਜੋਂ ਅਸਤੀਫ਼ਾ ਦਿੰਦਾ ਹਾਂ”, ਐਡਵੋਕੇਟ ਧਾਮੀ ਨੇ ਕਿਹਾ ।
ਜ਼ਿਕਰਯੋਗ ਹੈ ਕਿ 10 ਫ਼ਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਲੱਗੇ ਵੱਖ-ਵੱਖ ਦੋਸ਼ਾਂ ਦੀ ਪੜਤਾਲ ਕਰਨ ਲਈ ਬਣਾਈ ਤਿੰਨ-ਮੈਂਬਰੀ ਕਮੇਟੀ ਦੀ ਰਿਪੋਰਟ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਸੀ। ਇਸ ਤੋਂ ਬਾਅਦ 13 ਫ਼ਰਵਰੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਕਾਰਵਾਈ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ।
ਗਿਆਨੀ ਰਘਬੀਰ ਸਿੰਘ ਨੇ ਲਿਖਿਆ ਸੀ, “ਗੁਰੂ ਪਿਆਰੇ ਖ਼ਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਪਿਛਲੇ ਦਿਨਾਂ ਤੋ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ। ਮਿਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੌਸ਼ਨੀ ਵਿਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖ਼ਿਲਾਫ਼ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ। ਇਸ ਸਬੰਧ ਵਿਚ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵਲੋ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀ ਹੈ। ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋ ਸੇਵਾਮੁਕਤ ਕਰਨਾ ਮੰਦਭਾਗਾ ਹੈ। ਇਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਸੇਵਾਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ। ਇਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨਾ ਬੇਹੱਦ ਨਿੰਦਣਯੋਗ ਅਤੇ ਮੰਦਭਾਗਾ ਵਰਤਾਰਾ ਹੈ ਜੋ ਕਿ ਤਖਤ ਸਾਹਿਬਾਨ ਦੀ ਅਜਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ। ਗੁਰੂ ਰਾਖਾ।”
ਐਡਵੋਕੇਟ ਧਾਮੀ ਦੇ ਅਸਤੀਫ਼ੇ ਉੱਤੇ ਪ੍ਰਤੀਕਰਮ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਦੁਖਦਾਇਕ ਆਖਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ, “ਸ. ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਦੁਖਦਾਇਕ ।ਸ੍ਰੋਮਣੀ ਅਕਾਲੀ ਦਲ ਵਿਚ ਪੰਥਕ ਪ੍ਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ, ਪੰਜ ਸੱਤ ਕੁ ਨੇਤਾਵਾਂ ਵਲੌਂ ਅਪਣੀਆਂ ਨਿਜੀ ਲਾਲਸਾਵਾਂ ਦੀ ਪੂਰਤੀ ਹਿਤ, ਇਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ, ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ। ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰ ਕੇ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਅ ਹੀ ਇਸ ਤਰਾਂ ਬਣਾਇਆ ਜਾਂਦਾ ਕਿ ਬੰਦਾ ਖੁਦ ਲਾਂਭੇ ਹੋਣ ਲਈ ਮਜਬੂਰ ਹੋ ਜਾਂਦਾ ਹੈ। ਹੇ ਅਕਾਲ ਪੁਰਖ ਜੀ ! ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਮਿਹਰ ਭਰਿਆ ਹੱਥ ਰੱਖੋ।”
Comments
Start the conversation
Become a member of New India Abroad to start commenting.
Sign Up Now
Already have an account? Login